ਹੋਲੀ ਹਾਰਟ ਸਕੂਲ ਮੋਗਾ ’ਚ ਡਰਾਇੰਗ ਮੁਕਾਬਲੇ ਕਰਵਾਏ
ਹੋਲੀ ਹਾਰਟ ਕੌਨਵੈਂਟ ਸਕੂਲ
Publish Date: Sun, 17 May 2026 04:09 PM (IST)
Updated Date: Mon, 18 May 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਹੋਲੀ ਹਾਰਟ ਕੌਨਵੈਂਟ ਸਕੂਲ ਮੋਗਾ ਵਿਖੇ ਅੱਜ ਵਿਦਿਆਰਥੀਆਂ ਦੇ ਕਲਾਤਮਕ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਕੁਦਰਤ ਨਾਲ ਜੋੜਨ ਦੇ ਮਕਸਦ ਨਾਲ ਇਕ ਸ਼ਾਨਦਾਰ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਕੂਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਾਰ ਮੁਕਾਬਲੇ ਦਾ ਮੁੱਖ ਵਿਸ਼ਾ ਵਾਤਾਵਰਣ ਰੱਖਿਆ ਗਿਆ ਸੀ। ਵਿਦਿਆਰਥੀਆਂ ਨੇ ਆਪਣੀ ਸੋਚ ਅਤੇ ਰੰਗਾਂ ਦੇ ਸੁਮੇਲ ਰਾਹੀਂ ਡਰਾਇੰਗ ਸ਼ੀਟਾਂ ’ਤੇ ਵਾਤਾਵਰਣ ਦੀ ਸੰਭਾਲ, ਰੁੱਖਾਂ ਦੀ ਮਹੱਤਤਾ, ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਅਤੇ ਧਰਤੀ ਨੂੰ ਹਰੀ-ਭਰੀ ਰੱਖਣ ਦੇ ਖੂਬਸੂਰਤ ਸੁਨੇਹੇ ਉੱਕਰੇ। ਛੋਟੇ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਵਾਤਾਵਰਣ ਪ੍ਰਤੀ ਉਨ੍ਹਾਂ ਦੀ ਸੋਚ ਦੇਖਣਯੋਗ ਸੀ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਵੱਲੋਂ ਬੱਚਿਆਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਨਾ ਸਿਰਫ਼ ਬੱਚਿਆਂ ਅੰਦਰ ਛੁਪੀ ਕਲਾ ਨੂੰ ਬਾਹਰ ਲਿਆਉਂਦੇ ਹਨ, ਸਗੋਂ ਉਨ੍ਹਾਂ ਨੂੰ ਸਮਾਜਿਕ ਅਤੇ ਵਾਤਾਵਰਣਕ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਵੀ ਬਣਾਉਂਦੇ ਹਨ। ਮੁਕਾਬਲੇ ਦੇ ਅਖ਼ੀਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।