ਧਰਮਿੰਦਰਪਾਲ ਸਿੰਘ ਦੇ ਹੱਕ ’ਚ ਡਾ. ਹਰਪਾਲ ਸਿੰਘ ਢਿੱਲਵਾਂ ਨੇ ਕੀਤਾ ਜ਼ੋਰਦਾਰ ਚੋਣ ਪ੍ਰਚਾਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ ਅਤੇ ਵੱਖ-ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਇਸੇ ਤਹਿਤ ਵਾਰਡ ਨੰਬਰ-2 ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ‘ਆਪ’ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ‘ਤੋਤਾ’ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਧਰਮਿੰਦਰਪਾਲ ਸਿੰਘ ‘ਤੋਤਾ’ ਵੱਲੋਂ ਲਗਾਤਾਰ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਵਾਰਡ ਦੇ ਹਰ ਗਲੀ-ਮੁਹੱਲੇ ਵਿਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਸਕੱਤਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਨੈਸ਼ਨਲ ਅਵਾਰਡੀ ਡਾ. ਹਰਪਾਲ ਸਿੰਘ ਢਿੱਲਵਾਂ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ-2 ਵਿਚ ਪਹੁੰਚੇ। ਉਨ੍ਹਾਂ ਨੇ ਧਰਮਿੰਦਰਪਾਲ ਸਿੰਘ ‘ਤੋਤਾ’ ਦੇ ਹੱਕ ਵਿਚ ਜ਼ੋਰਦਾਰ ਚੋਣ ਪ੍ਰਚਾਰ ਕਰਦਿਆਂ ਵਾਰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਹਰਪਾਲ ਸਿੰਘ ਢਿੱਲਵਾਂ ਨੇ ਕਿਹਾ ਕਿ ਧਰਮਿੰਦਰਪਾਲ ਸਿੰਘ ‘ਤੋਤਾ’ ਇੱਕ ਪੜ੍ਹੇ-ਲਿਖੇ, ਇਮਾਨਦਾਰ ਅਤੇ ਨੌਜਵਾਨ ਉਮੀਦਵਾਰ ਹਨ, ਜੋ ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਉਸ ਦਾ ਹੱਲ ਕਰਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਵਾਰਡ ਨੰਬਰ-2 ਦਾ ਸਰਬਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ ਅਤੇ ਕਿਸੇ ਵੀ ਗਲੀ ਜਾਂ ਇਲਾਕੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਡਾ. ਢਿੱਲਵਾਂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੈਤੋ ਸ਼ਹਿਰ ਵਿਚ ਸੀਵਰੇਜ ਪ੍ਰਣਾਲੀ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਗਿਆ ਹੈ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰ ਦੇ ਨੇੜੇ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੈਤੋ ਨੂੰ ਵਿਕਾਸ ਪੱਖੋਂ ਹਮੇਸ਼ਾ ਨਜ਼ਰਅੰਦਾਜ਼ ਕੀਤਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਪੱਖਪਾਤ ਦੇ ਹਰ ਵਰਗ ਅਤੇ ਹਰ ਵਾਰਡ ਵਿਚ ਵਿਕਾਸ ਕਾਰਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰਪਾਲ ਸਿੰਘ ‘ਤੋਤਾ’ ਦੇ ਕੌਂਸਲਰ ਬਣਨ ਤੋਂ ਬਾਅਦ ਵਾਰਡ ਨੰਬਰ-2 ਦੇ ਰਹਿੰਦੇ ਸਾਰੇ ਵਿਕਾਸ ਕਾਰਜ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ। ਇਸ ਮੌਕੇ ਉਮੀਦਵਾਰ ਧਰਮਿੰਦਰਪਾਲ ਸਿੰਘ ‘ਤੋਤਾ’ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਨਤਾ ਦੇ ਸੇਵਕ ਬਣ ਕੇ ਕੰਮ ਕਰਨਗੇ ਅਤੇ ਵਾਰਡ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਮਰਥਨ ਨੇ ਉਨ੍ਹਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਲੋਕ ਸੇਵਾ ਲਈ ਪ੍ਰੇਰਿਤ ਕੀਤਾ ਹੈ। ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿਚ ਵਾਰਡ ਵਾਸੀ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮਰਥਕ ਹਾਜ਼ਰ ਸਨ, ਜਿਨ੍ਹਾਂ ਵੱਲੋਂ ਧਰਮਿੰਦਰਪਾਲ ਸਿੰਘ ‘ਤੋਤਾ’ ਦੇ ਹੱਕ ਵਿਚ ਪੂਰੇ ਜੋਸ਼ ਨਾਲ ਨਾਅਰੇਬਾਜ਼ੀ ਕੀਤੀ ਗਈ।