‘ਆਪ’ ਅੰਦਰ ਵਿਰੋਧ ਖੁੱਲ੍ਹ ਕੇ ਸਾਹਮਣੇ ਆਇਆ : ਡਾ. ਕਮਲ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ
Publish Date: Sun, 26 Apr 2026 03:44 PM (IST)
Updated Date: Mon, 27 Apr 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਰਾਜਨੀਤਿਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਦੇ ਅੰਦਰ ਵਧ ਰਹੀ ਅਸੰਤੁਸ਼ਟੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਅਤੇ ਇਹ ਪੰਜਾਬ ਦੀ ਰਾਜਨੀਤੀ ਲਈ ਇਕ ਵੱਡਾ ਸੰਕੇਤ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪਾਰਟੀ ਦੇ ਕਈ ਸੰਸਦ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਘੋਸ਼ਣਾ, ਆਪ ਦੇ ਅੰਦਰ ਡੂੰਘੀ ਦਰਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਵਿਚ ਅੰਦਰੂਨੀ ਲੋਕਤੰਤਰ ਖ਼ਤਮ ਹੋ ਚੁੱਕਾ ਹੈ ਅਤੇ ਨੇਤ੍ਰਿਤਵ ਦਾ ਰਵੱਈਆ ਤਾਨਾਸ਼ਾਹੀ ਬਣਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿਚ ਚੋਣੀ ਹਾਰ ਤੋਂ ਬਾਅਦ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵਿਚ ਸਿੱਧਾ ਦਖ਼ਲ ਦੇ ਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਸਥਾਨਕ ਨੇਤਾਵਾਂ ਵਿਚ ਅਸੰਤੁਸ਼ਟੀ ਵੱਧ ਰਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਫ਼ੈਸਲੇ ਲਏ ਜਾ ਰਹੇ ਹਨ, ਉਸ ਨਾਲ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵਿਚ ਹੋਰ ਟੁੱਟ ਵੇਖਣ ਨੂੰ ਮਿਲੇਗੀ ਡਾ. ਕਮਲ ਨੇ ਕਿਹਾ। ਡਾ. ਹਰਜੋਤ ਕਮਲ ਨੇ ਦਾਅਵਾ ਕੀਤਾ ਕਿ ਰਾਘਵ ਚੱਢਾ ਨੇ ਘੋਸ਼ਣਾ ਕੀਤੀ ਹੈ ਕਿ ਆਪ ਦੇ 10 ਵਿਚੋਂ 7 ਰਾਜ ਸਭਾ ਮੈਂਬਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਾਜਿੰਦਰ ਗੁਪਤਾ ਅਤੇ ਵਿਕਰਮ ਸਾਹਨੀ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ-ਤਿਹਾਈ ਸੰਸਦ ਮੈਂਬਰਾਂ ਦੇ ਨਾਲ ਵਿਲੇਅ ਦੀ ਗੱਲ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਪਾਰਟੀ ਦੇ ਅੰਦਰ ਭਰੋਸਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਡਾ. ਕਮਲ ਨੇ ਅੰਤ ਵਿਚ ਕਿਹਾ ਕਿ ਭਾਜਪਾ ਪੰਜਾਬ ਵਿਚ ਮਜ਼ਬੂਤ ਵਿਕਲਪ ਵਜੋਂ ਉੱਭਰ ਰਹੀ ਹੈ ਅਤੇ ਪਾਰਟੀ ਦਾ ਜਨਾਧਾਰ ਤੇਜ਼ੀ ਨਾਲ ਵੱਧ ਰਿਹਾ ਹੈ।