ਡਾ. ਹਰੀਸ਼ ਚੰਦਰ ਗੋਇਲ ਦੀ ਵਾਰਡ ਨੰ. 8 ਤੋਂ ਲਗਾਤਾਰ ਦੂਜੀ ਇਤਿਹਾਸਕ ਜਿੱਤ, 119 ਵੋਟਾਂ ਨਾਲ ਅਕਾਲੀ ਉਮੀਦਵਾਰ ਨੂੰ ਹਰਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ
ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਪੁੱਤਰ ਬਾਬੂ ਰਾਮ ਗੋਇਲ ਨੇ ਲਗਾਤਾਰ ਦੂਜੀ ਵਾਰ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਹਰਮੰਦਰ ਸਿੰਘ ਨੂੰ 119 ਵੋਟਾਂ ਦੇ ਵੱਡੇ ਅੰਤਰ ਨਾਲ ਕਰਾਰੀ ਹਾਰ ਦਿੱਤੀ। ਚੋਣ ਨਤੀਜਿਆਂ ਦੇ ਐਲਾਨ ਮਗਰੋਂ ਵਾਰਡ ਨੰਬਰ-8 ਵਿਚ ‘ਆਪ’ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਵਰਕਰਾਂ ਨੇ ਪਟਾਕੇ ਚਲਾ ਕੇ, ਢੋਲ ਦੀਆਂ ਧੁਨਾਂ ’ਤੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਜ਼ਬਰਦਸਤ ਜਸ਼ਨ ਮਨਾਇਆ। ਡਾ. ਹਰੀਸ਼ ਚੰਦਰ ਗੋਇਲ ਦੀ ਰਿਹਾਇਸ਼ ’ਤੇ ਦਿਨ ਭਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਜ਼ਿਕਰਯੋਗ ਹੈ ਕਿ ਆਪਣੇ ਪਿਛਲੇ 1 ਸਾਲ ਦੇ ਕਾਰਜਕਾਲ ਦੌਰਾਨ ਨਗਰ ਕੌਂਸਲ ਪ੍ਰਧਾਨ ਵਜੋਂ ਡਾ. ਹਰੀਸ਼ ਚੰਦਰ ਗੋਇਲ ਨੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਵਾਧਾ ਹੋਇਆ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 200 ਤੋਂ ਵੱਧ ਕੱਚੇ ਮਕਾਨਾਂ ਲਈ ਕਰੀਬ 2 ਕਰੋੜ ਰੁਪਏ ਦੇ ਫੰਡ ਜਾਰੀ ਕਰਵਾ ਕੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਗਏ। ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ 14 ਨਵੇਂ ਈ-ਰਿਕਸ਼ੇ, 2 ਨਵੇਂ ਟਰੈਕਟਰ ਅਤੇ 5 ਨਵੀਆਂ ਟਰਾਲੀਆਂ ਦੀ ਖ਼ਰੀਦ ਕੀਤੀ ਗਈ। ਸੀਵਰੇਜ ਸਮੱਸਿਆ ਦੇ ਹੱਲ ਲਈ 80 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ, ਜਦਕਿ ਜਿੰਦਲ ਕਲੋਨੀ ਨੇੜੇ 40 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਲਾਈਨ ਵਿਛਾਈ ਗਈ। ਸ਼ਹਿਰ ਨੂੰ ਰੌਸ਼ਨ ਕਰਨ ਲਈ 2000 ਤੋਂ ਵੱਧ ਨਵੀਆਂ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਅਤੇ ਸੁਰੱਖਿਆ ਲਈ 75 ਲੱਖ ਰੁਪਏ ਦੀ ਲਾਗਤ ਨਾਲ 33 ਸੀਸੀਟੀਵੀ ਕੈਮਰੇ ਲਗਾਏ ਗਏ। ਇਸ ਤੋਂ ਇਲਾਵਾ ਜੈਤੋ ਮੰਡੀ ਦੀਆਂ ਮੁੱਖ ਸੜਕਾਂ ਨੂੰ ਇੰਟਰਲਾਕ ਟਾਈਲਾਂ ਨਾਲ ਤਿਆਰ ਕਰਨ ’ਤੇ 3.50 ਕਰੋੜ ਰੁਪਏ ਖ਼ਰਚ ਕੀਤੇ ਗਏ। ਗਲੀਆਂ ਅਤੇ ਪੁਲੀਆਂ ਦੇ ਵਿਕਾਸ ਤਹਿਤ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ 30 ਗਲੀਆਂ ਅਤੇ 30 ਪੁਲੀਆਂ ਦਾ ਨਿਰਮਾਣ ਕੀਤਾ ਗਿਆ, ਜਦਕਿ 3 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜ ਅਜੇ ਵੀ ਲਗਾਤਾਰ ਜਾਰੀ ਹਨ। ਡਾ. ਹਰੀਸ਼ ਚੰਦਰ ਗੋਇਲ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਜਿੱਤ ਵਾਰਡ ਵਾਸੀਆਂ ਦੇ ਵਿਸ਼ਵਾਸ, ਪਿਆਰ ਅਤੇ ਸਹਿਯੋਗ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਡ ਦੇ ਸਰਵਪੱਖੀ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਲੋਕ-ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੇ ਲੋਕਾਂ ਨਾਲ ਨੇੜਲਾ ਸੰਪਰਕ ਬਣਾਈ ਰੱਖਦੇ ਹਨ ਅਤੇ ਹਰ ਸੁੱਖ-ਦੁੱਖ ਵਿਚ ਸ਼ਰੀਕ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਜਨਤਾ ਨਾਲ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ।