ਡਾ. ਬੀਆਰ ਅੰਬੇਡਕਰ ਦੀ 136ਵੀਂ ਜੈਅੰਤੀ ਸਬੰਧੀ ਸਮਾਗਮ ਕਰਵਾਇਆ
ਡਾ. ਬੀਆਰ ਅੰਬੇਦਕਰ ਜੀ ਦੀ 136ਵੀਂ ਜਯੰਤੀ ਸਬੰਧੀ ਸਮਾਗਮ ਦਾ ਆਯੋਜਨ
Publish Date: Sat, 25 Apr 2026 03:52 PM (IST)
Updated Date: Sat, 25 Apr 2026 03:55 PM (IST)

- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ ਜਟਾਣਾ/ਬੱਬੂ, ਪੰਜਾਬੀ ਜਾਗਰਣ ਮਲੋਟ : ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਉਹ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ। ਇਸ ਗੱਲ ਦਾ ਪ੍ਰਗਟਾਵਾ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਨੇ ਮਲੋਟ ਵਿਖੇ ਡਾ. ਬੀਆਰ ਅੰਬੇਦਕਰ ਜੀ ਦੀ 136ਵੀਂ ਜੈਅੰਤੀ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਨੇ ਸਿਰਫ ਅਨੁਸੂਚਿਤ ਜਾਤੀਆਂ ਅਤੇ ਪਿੱਛੜੀਆਂ ਵਰਗਾਂ ਦੇ ਅਧਿਕਾਰਾਂ ਦੀ ਰੱਖਿਆ ਹੀ ਨਹੀਂ ਕੀਤੀ, ਬਲਕਿ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ’ਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਏ। ਇਸ ਕਰ ਕੇ ਅੱਜ ਔਰਤਾਂ ਜੀਵਨ ਦੇ ਹਰ ਖੇਤਰ ’ਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਅਸੀਂ ਸਾਰੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲੀਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਂਆਂ ਦੇ 9 ਆਈਟੀਆਈ ਤੋਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਪ੍ਰਾਪਤ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 351 ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ ਗਈਆਂ ਹਨ, ਤਾਂ ਜੋ ਉਹ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਲੈਕਟਰੀਸ਼ਨ, ਰੈਫਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਅਤੇ ਪਲੰਬਰ ਟਰੇਡ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਇਹ ਟੂਲ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਟੂਲ ਕਿੱਟਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 82, ਬਠਿੰਡਾ ਦੇ 64, ਫਰੀਦਕੋਟ ਦੇ 67, ਫਾਜ਼ਿਲਕਾ ਦੇ 87 ਅਤੇ ਫਿਰੋਜ਼ਪੁਰ ਦੇ 51 ਸਿੱਖਿਆਰਥੀਆਂ ਨੂੰ ਵੰਡੀਆਂ ਗਈਆਂ, ਤਾਂ ਜੋ ਸਬੰਧਿਤ ਸਿੱਖਿਆਰਥੀ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰ ਸਕਣ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥਣਾਂ ਨੂੰ ਲੈਪਟਾਪ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਨੂੰ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਵੰਡ ਸਮਾਗਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਜਸ਼ਨ ਬਰਾੜ, ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਜਗਮੋਹਨ ਸਿੰਘ ਮਾਨ, ਗੁਰਮੀਤ ਸਿੰਘ ਬਰਾੜ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਨਿੱਜੀ ਸਹਾਇਕ ਅਰਸ਼ਦੀਪ ਸਿੰਘ ਅਤੇ ਛਿੰਦਰਪਾਲ ਸਿੰਘ, ਗਗਨਦੀਪ ਸਿੰਘ ਔਲਖ, ਲਵ ਬੱਤਰਾ, ਰਾਜੀਵ ਉੱਪਲ, ਬਲਾਕ ਪ੍ਰਧਾਨ, ਜੋਨੀ ਗਰਗ, ਨਵਦੀਪ ਸਿੰਘ, ਰਾਕੇਸ਼ ਕੁਮਾਰ ਬੰਟੀ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਜੇ ਮਲੂਜਾ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਸੰਧੂ, ਪਰਮਿੰਦਰ ਕੌਰ ਬਰਾੜ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਰਜਨੀਸ਼ ਗਰਗ, ਸਰਪੰਚ ਚੱਕ ਦੂਹੇਵਾਲਾ, ਬਲਕਰਨ ਸਿੰਘ, ਸਰਪੰਚ ਭਲੇਰੀਆ ਅਤੇ ਬਲਾਕ ਸਮਤੀ ਮੈਂਬਰ, ਰਾਜ ਸਿੰਘ, ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਰਵਿੰਦਰ ਬਜਾਜ, ਸਟੇਜ ਸਕੱਤਰ, ਗਗਨਦੀਪ ਸਿੰਘ, ਜਸਨਦੀਪ ਸਿੰਘ ਬਰਾੜ, ਸੁਖਪਾਲ ਸਿੰਘ, ਪ੍ਰਧਾਨ ਟਰੱਕ ਯੂਨੀਅਨ ਅਤੇ ਗੁਰਮੀਤ ਸਿੰਘ ਵਿਰਦੀ ਵੀ ਮੌਜੂਦ ਸਨ।