ਰਜਬਾਹੇ ਦੇ ਨਵੀਨੀਕਰਨ ਨਾਲ ਲੋਕਾਂ ਨੂੰ ਮਿਲੇਗਾ ਲਾਭ : ਧਾਲੀਵਾਲ
*ਕੋਟਕਪੂਰਾ ਰਜਬਾਹਾ ਦੇ ਨਵੀਨੀਕਰਨ ਨਾਲ ਡੇਢ ਦਰਜਨ ਪਿੰਡਾਂ ਨੂੰ ਹੋਵੇਗਾ ਫਾਇਦਾ : ਮਨੀ ਧਾਲੀਵਾਲ*
Publish Date: Fri, 20 Feb 2026 03:35 PM (IST)
Updated Date: Sat, 21 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦੂਰ ਕਰਨ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਯਤਨ ਜਾਰੀ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪਿਛਲੇ ਕਰੀਬ ਚਾਰ ਦਹਾਕਿਆਂ ਅਰਥਾਤ 40 ਸਾਲ ਦੇ ਅਰਸੇ ਤੋਂ ਵੀ ਪੁਰਾਣੇ ਅਤੇ ਖਸਤਾ ਹਾਲਤ ਕੋਟਕਪੂਰਾ ਰਜਬਾਹਾ ਦੇ ਵਾਰ ਵਾਰ ਟੁੱਟਣ ਦੀ ਸਮੱਸਿਆ ਵੀ ਹੱਲ ਹੋਣ ਜਾ ਰਹੀ ਹੈ। ਉਹਨਾ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਸਿਵੀਆਂ ਤੋਂ ਸ਼ੁਰੂ ਕਰਕੇ 54,200 ਫੁੱਟ ਲੰਬਾਈ ਵਾਲੇ ਰਜਬਾਹੇ ਨੂੰ ਨਵਾਂ ਬਣਾਉਣ ਲਈ ਅਗਲੇ ਹਫਤੇ ਨੀਂਹ ਪੱਥਰ ਰੱਖਿਆ ਜਾਵੇਗਾ, ਕਿਉਂਕਿ ਇਸ ਲਈ 1250 ਕਰੋੜ ਰੁਪਏ ਦੀ ਗਰਾਂਟ ਪਾਸ ਹੋ ਚੁੱਕੀ ਹੈ। ਮਨੀ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਰਜਬਾਹੇ ਦੀ ਹਾਲਤ ਖਸਤਾ ਹੋਣ ਕਰਕੇ ਵਾਰ ਵਾਰ ਟੁੱਟਣ ਨਾਲ ਦਰਜਨ ਤੋਂ ਜਿਆਦਾ ਪਿੰਡਾਂ ਦੇ ਕਿਸਾਨਾ ਦੀ ਫਸਲ ਦਾ ਬਹੁਤ ਨੁਕਸਾਨ ਹੁੰਦਾ ਸੀ, ਪਹਿਲਾਂ ਹੀ ਮੰਦਹਾਲੀ ਵਿੱਚੋਂ ਨਿਕਲ ਰਹੀ ਕਿਸਾਨੀ ਦਾ ਖਸਤਾ ਹਾਲਤ ਰਜਬਾਹਿਆਂ ਦੇ ਟੁੱਟਣ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਸਪੀਕਰ ਸੰਧਵਾਂ ਵਲੋਂ ਉਕਤ ਉਪਰਾਲਾ ਕੀਤਾ ਜਾ ਰਿਹਾ ਹੈ। ਮਨੀ ਧਾਲੀਵਾਲ ਨੇ ਅੰਕੜਿਆਂ ਸਹਿਤ ਉਦਾਹਰਨਾ ਦਿੰਦਿਆਂ ਦੱਸਿਆ ਕਿ ਕੋਠੇ ਗੱਜਣ ਸਿੰਘ ਵਾਲੇ, ਬੁੱਕਣ ਸਿੰਘ ਨਗਰ, ਬਾਹਮਣ ਵਾਲਾ, ਕੋਹਾਰਵਾਲਾ ਅਤੇ ਨਾਲ ਲੱਗਦੇ ਹੋਰਨਾ ਪਿੰਡਾਂ/ਕੋਠਿਆਂ ਦੇ ਕਿਸਾਨਾ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਸੂਏ ਨੂੰ ਨਵਾਂ ਬਣਾਉਣ ਲਈ ਮੰਗ ਕੀਤੀ ਜਾ ਰਹੀ ਸੀ। ਉਹਨਾ ਦਾਅਵਾ ਕੀਤਾ ਕਿ ਉਕਤ ਸੂਆ ਨਵਾਂ ਬਣਨ ਨਾਲ ਡੇਢ ਦਰਜਨ ਅਰਥਾਤ 18 ਪਿੰਡਾਂ ਦੇ ਕਿਸਾਨਾ ਨੂੰ ਜਿੱਥੇ ਫਾਇਦਾ ਮਿਲੇਗਾ, ਉੱਥੇ ਫਸਲ ਦੇ ਨੁਕਸਾਨ ਹੋਣ ਦੀ ਸੰਭਾਵਨਾ ਵੀ ਬਿਲਕੁਲ ਖਤਮ ਹੋ ਜਾਵੇਗੀ। ਇਸ ਮੌਕੇ ਉਹਨਾ ਨਾਲ ਹਲਕਾ ਸੰਗਠਨ ਇੰਚਾਰਜ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅਤੇ ਪੀ.ਏ.ਡੀ.ਬੀ. ਦੇ ਡਾਇਰੈਕਟਰ ਰਾਜਪਾਲ ਸਿੰਘ ਢੁੱਡੀ ਵੀ ਹਾਜਰ ਸਨ।