ਜ਼ਿਲ੍ਹਾ ਕਾਂਗਰਸ ਕਮੇਟੀ ਨੇ ਮੁੱਖ ਮੰਤਰੀ ਦੇ ਨਸ਼ੇ ’ਤੇ ਚੁੱਕਿਆ ਸਵਾਲ
ਜ਼ਿਲ੍ਹਾ ਕਾਂਗਰਸ ਕਮੇਟੀ ਨੇ ਮੁੱਖ ਮੰਤਰੀ ਦੇ ਨਸ਼ੇ ’ਤੇ ਚੁੱਕਿਆ ਸਵਾਲ
Publish Date: Mon, 04 May 2026 05:56 PM (IST)
Updated Date: Mon, 04 May 2026 05:59 PM (IST)

ਸੁਖਦੀਪ ਸਿੰਘ ਗਿੱਲ, ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਫ਼ਦ ’ਚ ਹੋਰਾਂ ਤੋਂ ਇਲਾਵਾ ਨਰਿੰਦਰ ਸਿੰਘ ਕਾਉਣੀ, ਸਾਹਿਬ ਸਿੰਘ ਭੂੰਦੜ, ਗੁਰਪ੍ਰੀਤ ਸਿੰਘ ਹਰੀਕੇ ਕਲਾਂ, ਜਤਿੰਦਰ ਸਿੰਘ ਚੋਟੀਆਂ, ਦਲਜੀਤ ਸਿੰਘ ਮਾਨ, ਨਵਦੀਪ ਕੌਰ ਕਾਨਿਆਂ ਵਾਲੀ, ਕਾਕੂ ਸੀਰਵਾਲੀ, ਸ਼ਰਨਜੀਤ ਸਿੰਘ ਕਬਰਵਾਲਾ, ਜਸਪ੍ਰੀਤ ਭਲਾਈਆਣਾ ਹੋਰੀਂ ਵੀ ਸ਼ਾਮਲ ਸਨ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਹਿਲੀ ਮਈ (ਮਜ਼ਦੂਰ ਦਿਵਸ) ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਸਦਨ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਇਹ ਵਿਵਹਾਰ ਸਦਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲਾ ਹੈ। ਇਸ ਘਟਨਾ ਦੀਆਂ ਵੀਡੀਓਜ਼ ਵਾਇਰਲ ਹੋਣ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਅਤੇ ਇਸ ਨਾਲ ਪੰਜਾਬ ਦੀ ਦਿੱਖ ਨੂੰ ਭਾਰੀ ਸੱਟ ਵੱਜੀ ਹੈ। ਵਿਰੋਧੀ ਧਿਰ ਨੇ ਸਪੀਕਰ ਨੂੰ ਮੁੱਖ ਮੰਤਰੀ ਸਮੇਤ ਸਾਰੇ ਮੈਂਬਰਾਂ ਦਾ ਅਲਕੋਹਲ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਸਪੀਕਰ ਵੱਲੋਂ ਰੱਦ ਕਰ ਦਿੱਤਾ ਗਿਆ। ਪੱਤਰ ਰਾਹੀਂ ਰਾਜਪਾਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਣ ਅਤੇ ਮੁੱਖ ਮੰਤਰੀ ਵਿਰੁੱਧ ਬਣਦੀ ਕਾਰਵਾਈ ਕਰਨ ਤਾਂ ਜੋ ਭਵਿੱਖ ਵਿੱਚ ਵਿਧਾਨ ਸਭਾ ਦੀ ਮਰਿਆਦਾ ਬਣੀ ਰਹੇ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਵੀ ਮੌਜੂਦ ਸਨ।