ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ

ਮਨਪ੍ਰੀਤ ਸਿੰਘ ਮੱਲੇਆਣਾ. ਪੰਜਾਬੀ ਜਾਗਰਣ
ਮੋਗਾ : ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 15 ਮਈ ਤੋਂ ਸ਼ੁਰੂਆਤ ਕਰਨ ਦੀ ਸਲਾਹ ਜਾਰੀ ਕੀਤੀ ਹੋਈ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੰਜਾਬ ਸਰਕਾਰ ਅਜਿਹੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਪ੍ਰਤੀ ਏਕੜ ਪੰਦਰਾਂ ਸੌ ਰੁਪਏ ਜਾਰੀ ਕਰ ਰਹੀ ਹੈ। ਮੋਗਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਰਕਲ ਦੀਨਾ ਸਾਹਿਬ ਦੇ ਪਿੰਡ ਗਾਜੀਆਣਾ ਦਾ ਉੱਦਮੀ ਕਿਸਾਨ ਸਿੱਧੀ ਬਿਜਾਈ ਕਰ ਰਿਹਾ ਹੈ।
ਬਲਾਕ ਖੇਤੀਬਾੜੀ ਅਧਿਕਾਰੀ ਡਾ. ਤਰਨਦੀਪ ਸਿੰਘ ਰੰਧਾਵਾ, ਏਡੀਓ ਡਿੰਪਲ ਕੌਰ, ਰਮਨਦੀਪ ਸਿੰਘ ਬੀਟੀਐੱਮ, ਸੁਖਦੀਪ ਸਿੰਘ ਏਟੀਐੱਮ ਅਤੇ ਚਰਨਜੀਤ ਸਿੰਘ ਐੱਫਡਬਲਿਊ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਲਗਾਤਾਰ ਕਾਰਜਸ਼ੀਲ ਹਨ। ਏਡੀਓ ਡਿੰਪਲ ਕੌਰ ਨੇ ਦੱਸਿਆ ਕਿ ਗਾਜੀਆਣਾ ਪਿੰਡ ਦਾ ਹਰਭਜਨ ਸਿੰਘ ਪੁੱਤਰ ਰਣਧੀਰ ਸਿੰਘ ਨੇ ਪੱਚੀ ਏਕੜ ਜ਼ਮੀਨ ਵਿਚ ਸਿੱਧੀ ਬਿਜਾਈ ਕੀਤੀ ਹੈ। ਇਹ ਕਿਸਾਨ ਦੂਜੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ।
---
ਵੀਹ ਹਜ਼ਾਰ ਏਕੜ ਦਾ ਮਿੱਥਿਆ ਹੈ ਟੀਚਾ:
ਮੋਗਾ ਜ਼ਿਲ੍ਹੇ ਅੰਦਰ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਵੀਹ ਹਜ਼ਾਰ ਏਕੜ ਦਾ ਟੀਚਾ ਨਿਰਧਾਰਿਤ ਕੀਤਾ ਹੈ। ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 15 ਮਈ ਤੱਕ 51 ਕਿਸਾਨਾਂ ਨੇ ਸਿੱਧੀ ਬਿਜਾਈ ਲਈ 85 ਏਕੜ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਵਿਭਾਗ ਵੱਲੋਂ ਕਿਸਾਨ ਭਾਈਚਾਰੇ ਨੂੰ ਪ੍ਰੇਰਣ ਲਈ ਲਗਾਤਾਰ ਯਤਨ ਕਰ ਰਿਹਾ ਹੈ।
------
ਪਾਣੀ ਅਤੇ ਖਰਚ ਦੀ ਬੱਚਤ ’ਚ ਸਹਾਈ ਹੈ ਸਿੱਧੀ ਬਿਜਾਈ : ਵਿਧਾਇਕ ਬਿਲਾਸਪੁਰ
ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰ ਰਹੀ ਹੈ। ਸਿੱਧੀ ਬਿਜਾਈ ਵਾਲੇ ਝੋਨੇ ’ਚ ਪਾਣੀ ਦੀ ਖਪਤ ਬਹੁਤ ਘੱਟ ਹੁੰਦੀ ਹੈ। ਵਿਧਾਇਕ ਨੇ ਇਹ ਵੀ ਦੱਸਿਆ ਕਿ ਸਿੱਧੀ ਬਿਜਾਈ ਨਾਲ ਲਾਗਤ ਖ਼ਰਚੇ ਵਿਚ ਵੀ ਬਹੁਤ ਬਹੁਤ ਬੱਚਤ ਹੁੰਦੀ ਹੈ। ਅਜਿਹਾ ਕਰਨ ਨਾਲ ਲੁਵਾਈ ਵਾਲੀ ਲੇਬਰ ਦਾ ਖਰਚਾ ਤੇ ਹੋਰ ਖਰਚੇ ਵੀ ਬਚਦੇ ਹਨ। ਸਿੱਧੀ ਬਿਜਾਈ ਸਦਕਾ ਮੀਂਹ ਦੀ ਰੁੱਤ ਵਿਚ ਧਰਤੀ ਵਿਚ ਪਾਣੀ ਜੀਰਣ ਸਦਕਾ ਧਰਤੀ ਹੇਠਲੇ ਜਲ ਸ੍ਰੋਤ ਦਾ ਸੁਧਾਰ ਵੀ ਹੁੰਦਾ ਹੈ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਿਵਾਇਤੀ ਢੰਗ ਨਾਲ ਕੱਦੂ ਕਰਕੇ ਝੋਨਾ ਲਗਾਉਣ ਲਈ ਮੋਗਾ ਜ਼ਿਲ੍ਹੇ ਲਈ 9 ਜੂਨ ਦੀ ਤਰੀਕ ਤੈਅ ਕੀਤੀ ਹੋਈ ਹੈ। ਕਿਸਾਨਾਂ ਹਿੱਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।
-----
ਬਲਾਕ ਨਿਹਾਲ ਸਿੰਘ ਵਾਲਾ ਹੈ ਡਾਰਕ ਜ਼ੋਨ
ਮੋਗਾ ਦੇ ਬਲਾਕ ਨਿਹਾਲ ਸਿੰਘ ਵਾਲਾ ਨੂੰ ਡਾਰਕ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਬਲਾਕ ਦਾ ਧਰਤੀ ਹੇਠਲਾ ਪਾਣੀ ਇਸ ਕਦਰ ਡੂੰਘਾ ਹੋ ਚੁੱਕਿਆ ਹੈ ਕਿ ਇਹ ਬਲਾਕ ਜਲਦੀ ਹੀ ਪਾਣੀ ਪੱਧਰ ਨੂੰ ਕਾਇਮ ਰੱਖਣ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਜੇਕਰ ਕਿਸਾਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਈ ਸਾਰਥਿਕ ਉਪਰਾਲੇ ਨਾ ਕੀਤੇ ਤਾਂ ਅਗਲਾ ਸਮਾਂ ਬੜਾ ਭਿਆਨਕ ਸਥਿਤੀ ਪੈਦਾ ਕਰ ਸਕਦਾ ਹੈ।