ਰਾਮੇਆਣਾ ਵੱਲੋਂ ਸਾਬਕਾ ਸੀਐੱਮ ਆਤਿਸ਼ੀ ਨਾਲ ਦੁੱਖ ਜ਼ਾਹਰ
ਧਰਮਜੀਤ ਰਾਮੇਆਣਾ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਕੀਤਾ ਦੁੱਖ ਸਾਂਝਾ
Publish Date: Mon, 27 Apr 2026 03:27 PM (IST)
Updated Date: Tue, 28 Apr 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਸਤਿਕਾਰਯੋਗ ਪਿਤਾ ਪ੍ਰੌਫ਼ੈਸਰ ਵਿਜੈ ਕੁਮਾਰ ਸਿੰਘ ਦੀ ਯਾਦ ਵਿਚ ਆਯੋਜਿਤ ਪ੍ਰਾਰਥਨਾ ਸਭਾ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਧਰਮਜੀਤ ਸਿੰਘ ਰਾਮੇਆਣਾ ਨੇ ਸਵ. ਵਿਜੈ ਕੁਮਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਦਿਆਂ ਆਪਣਾ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਮਾਪਿਆਂ ਦਾ ਵਿਛੋੜਾ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਅਤੇ ਅਸਹਿਣਯੋਗ ਘਾਟਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਇਸ ਵੇਲੇ ਸਾਂਝੀ ਸੰਵੇਦਨਾ ਅਤੇ ਸਹਿਯੋਗ ਹੀ ਪਰਿਵਾਰ ਨੂੰ ਹੌਸਲਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਵਿਜੈ ਕੁਮਾਰ ਸਿੰਘ ਇੱਕ ਉੱਚ ਵਿਚਾਰਧਾਰਾ ਵਾਲੇ, ਸਨਮਾਨਿਤ ਅਤੇ ਸਿਧਾਂਤਾਂ ’ਤੇ ਡਟੇ ਰਹਿਣ ਵਾਲੇ ਵਿਅਕਤੀ ਸਨ। ਉਨ੍ਹਾਂ ਦੀ ਜ਼ਿੰਦਗੀ ਸਾਦਗੀ, ਇਮਾਨਦਾਰੀ ਅਤੇ ਸਮਾਜ ਪ੍ਰਤੀ ਨਿਭਾਏ ਗਏ ਫਰਜ਼ਾਂ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਸੀ। ਉਨ੍ਹਾਂ ਨੇ ਸਮਾਜਿਕ ਮੁੱਲਾਂ ਨੂੰ ਮਜ਼ਬੂਤ ਕਰਨ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਲਈ ਉਹ ਸਦਾ ਯਾਦ ਰੱਖੇ ਜਾਣਗੇ। ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੂਰਾ ਆਮ ਆਦਮੀ ਪਾਰਟੀ ਪਰਿਵਾਰ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਵਰਕਰ ਦੀ ਸੰਵੇਦਨਾ ਇਸ ਪਰਿਵਾਰ ਨਾਲ ਜੁੜੀ ਹੋਈ ਹੈ ਅਤੇ ਸਭ ਉਨ੍ਹਾਂ ਨੂੰ ਇਸ ਦੁੱਖ ਨੂੰ ਸਹਿਣ ਲਈ ਹੌਸਲਾ ਦੇ ਰਹੇ ਹਨ। ਉਨ੍ਹਾਂ ਅਰਦਾਸ ਕਰਦਿਆਂ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਲਈ ਮਨੋਬਲ ਅਤੇ ਸ਼ਕਤੀ ਪ੍ਰਦਾਨ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਮੇਂ ਵਿਚ ਧਾਰਮਿਕ ਵਿਸ਼ਵਾਸ ਅਤੇ ਸੰਗਤ ਦਾ ਸਹਾਰਾ ਮਨੁੱਖ ਨੂੰ ਅੱਗੇ ਵਧਣ ਦੀ ਤਾਕਤ ਦਿੰਦਾ ਹੈ।