ਐੱਸਐੱਸਪੀ ਦੀ ਮੰਜ਼ੂਰੀ ਦੇ ਬਾਵਜੂਦ ਨਹੀਂ ਬਣ ਸਕਿਆ ਪੀਸੀਆਰ ਪੁਆਇੰਟ
ਐਸਐਸਪੀ ਵੱਲੋਂ ਮੰਜ਼ੂਰੀ ਦੇਣ ਦੇ ਬਾਵਜੂਦ ਨਹੀਂ ਬਣ ਸਕਿਆ ਜਲਾਲਾਬਾਦ ਰੋਡ ਫਲਾਈਓਵਰ ਨੇਡ਼ੇ ਪੀਸੀਆਰ ਪੁਆਇੰਟ
Publish Date: Mon, 01 Jun 2026 03:39 PM (IST)
Updated Date: Mon, 01 Jun 2026 03:41 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਜਲਾਲਾਬਾਦ ਰੋਡ ਫਲਾਈਓਵਰ ਦੇ ਹੇਠਾਂ ਬਣੀਆਂ ਪੌੜੀਆਂ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਹੋਣ ਦੇ ਸਬੰਧ ’ਚ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਮਗਰੋਂ ਐਸਐਸਪੀ ਵੱਲੋਂ ਮੌਕੇ ਤੇ ਪੀਸੀਆਰ ਪੁਆਇੰਟ ਬਣਾਉਣ ਦੀ ਮੰਜੂਰੀ ਦੇਣ ਮਗਰੋਂ ਵੀ ਹਾਲੇ ਤੱਕ ਇੱਥੇ ਇਹ ਪੁਆਇੰਟ ਨਹੀਂ ਬਣ ਸਕਿਆ ਹੈ। ਜਿਸ ਕਰਕੇ ਨਸ਼ੇਡ਼ੀ ਕਿਸਮ ਦੇ ਲੋਕਾਂ ਦਾ ਜਮਾਵਾਡ਼ਾ ਫਲਾਈਓਵਰ ਹੇਠਾਂ ਪੌਡ਼ੀਆਂ ਤੇ ਲੱਗਿਆ ਰਹਿੰਦਾ ਹੈ। ਦੁਕਾਨਦਾਰਾਂ ਅਨੂੰਸਾਰ ਇੱਥੇ ਨਸ਼ਾ ਆਮ ਵਿਕਦਾ ਹੈ। ਜਿਸ ਕਰਕੇ ਦੁਕਾਨਦਾਰਾਂ ’ਚ ਰੋਸ ਹੈ। ਦੱਸ ਦਈਏ ਕਿ ਜਲਾਲਾਬਾਦ ਰੋਡ ਦੇ ਦੁਕਾਨਦਾਰਾਂ ਅੰਕੁਸ਼ ਤੇਰੀਆ, ਤਰਸੇਮ ਕੁਮਾਰ, ਨਵਲ ਦਾਬੜਾ, ਅਜੇ, ਵਿਜੇ ਕੁਮਾਰ, ਡਿੰਪਲ ਜੈਨ ਸਮੇਤ ਹੋਰਾਂ ਵੱਲੋਂ ਬੀਤੀ 15 ਮਈ ਨੂੰ ਐਸਐਸਪੀ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਤੇ ਮੌਕੇ ’ਤੇ ਪੀਸੀਆਰ ਪੁਆਇੰਟ ਬਣਾਉਣ ਦੀ ਮੰਗ ਕੀਤੀ ਗਈ ਸੀ। ਜਿਸ ਮਗਰੋਂ ਤਿੰਨ ਦਿਨ ਬਾਅਦ 18 ਮਈ ਨੂੰ ਐਸਐਸਪੀ ਵੱਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਇੰਚਾਰਜ਼ ਜਿਲਾ ਟ੍ਰੈਫਿਕ ਮੋਟਰਸਾਇਕਿਲ ਪੀਸੀਆਰ, ਇੰਚਾਰਜ਼ ਸਪੈਸ਼ਲ ਬ੍ਰਾਂਚ ਤੇ ਇੰਚਾਰਜ਼ ਡਾਇਲ 112 ਹੈਲਪ ਲਾਈਨ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਪੱਤਰ ਜਾਰੀ ਕਰਕੇ ਇਸ ਪੀਸੀਆਰ ਪੁਆਇੰਟ ਨੂੰ ਮੰਜੂਰੀ ਦੇ ਦਿੱਤੀ ਸੀ। ਜਿਸ ਨਾਲ ਦੁਕਾਨਦਾਰਾਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਸੀ ਕਿ ਚਲੋ ਹੁਣ ਇੱਥੇ ਪੁਆਇੰਟ ਬਣਨ ਮਗਰੋਂ ਨਸ਼ਾ ਵੇਚਨ ਵਾਲਿਆਂ ਤੇ ਨਕੇਲ ਕਸੀ ਜਾ ਸਕੇਗੀ ਪਰ ਜੂਨ ਦਾ ਮਹੀਨਾ ਚਡ਼ ਗਿਆ ਹੈ ਹਾਲੇ ਤੱਕ ਇਹ ਪੀਸੀਆਰ ਪੁਆਇੰਟ ਨਹੀਂ ਬਣ ਸਕਿਆ ਹੈ। ਇਸ ਪੱਤਰ ਜਰੀਏ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਜਲਾਲਾਬਾਦ ਰੋਡ ’ਤੇ ਸਥਿਤ ਫਲਾਈਓਵਰ ਦੇ ਹੇਠਾਂ ਨਾਕਾਬੰਦੀ ਅਤੇ ਗਸ਼ਤ ਤੇਜ਼ ਕੀਤੀ ਜਾਵੇ ਅਤੇ ਖੁੱਦ ਵੱਲੋਂ ਵੀ ਖੁਫੀਆ ਸੋਰਸਾਂ ਰਾਹੀਂ ਪਤਾ ਲਗਾਇਆ ਜਾਵੇ। ਜੇਕਰ ਉਕਤ ਖੇਤਰ ’ਚ ਕੋਈ ਨਸ਼ੀਲੇ ਪਦਾਰਥਾਂ ਦੇ ਵੇਚਣ ਸਬੰਧੀ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਦੇ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਇਹੀ ਨਹੀਂ ਇੰਚਾਰਜ ਜ਼ਿਲ੍ਹਾ ਟ੍ਰੈਫਿਕ, ਮੋਬਾਇਲ ਪੀਸੀਆਰ, ਮੋਟਰਸਾਈਕਲ ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਕਿ ਦਿਨ ਅਤੇ ਰਾਤ ਸਮੇਂ ਜਿਸ ਮੋਬਾਇਲ ਪੀਸੀਆਰ, ਮੋਟਰਸਾਈਕਲ ਕਰਮਚਾਰੀਆਂ ਦੀ ਉਸ ਬੀਟ ਏਰੀਆ ’ਚ ਡਿਊਟੀ ਹੁੰਦੀ ਹੈ ਉਨ੍ਹਾਂ ਨੂੰ ਚੰਗੀ ਤਰ੍ਹਾਂ ਬਰੀਫ ਕੀਤਾ ਜਾਵੇ ਅਤੇ ਹਰ ਅੱਧੇ ਘੰਟੇ ਬਾਅਦ ਇਸ ਏਰੀਆ ’ਚ ਗਸ਼ਤ ਕਰਨ ਤੋਂ ਬਾਅਦ ਫਲਾਈਓਵਰ ਦੇ ਹੇਠਾਂ ਪੌੜੀਆਂ ਦੇ ਨੇੜੇ ਆਪਣਾ ਮੋਟਰਸਾਈਕਲ ਰੋਕਣਗੇ ਅਤੇ ਸ਼ੱਕੀ ਪੁਰਸ਼ਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਨਗੇ ਅਤੇ ਜੇਕਰ ਕਿਸੇ ਵਿਅਕਤੀ ਪਾਸੋਂ ਕੋਈ ਨਸ਼ੀਲੀ ਵਸਤੂ ਮਿਲਦੀ ਹੈ ਤਾਂ ਉਸ ਪੁਰਸ਼ ਨੂੰ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਕਾਰਵਾਈ ਕਰਨ ਲਈ ਹਵਾਲੇ ਕਰਨਗੇ। ਇੰਚਾਰਜ ਡਾਇਲ 112 ਹੈਲਪ ਲਾਈਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਕਿ ਜਲਾਲਾਬਾਦ ਰੋਡ ਤੇ ਸਥਿਤ ਡਾਇਲ 112 ਵਹੀਕਲ ਪਰ ਤਾਇਨਾਤ ਕਰਮਚਾਰੀਆਂ ਨੂੰ ਜਾਣੂ ਕਰਵਾ ਕੇ ਹਦਾਇਤ ਕਰੋ ਕਿ ਜਦ ਵੀ ਜਲਾਲਾਬਾਦ ਰੋਡ ਪਰ ਫਲਾਈਓਵਰ ਦੇ ਨਜ਼ਦੀਕ ਏਰੀਆ ਦੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਸਮੇਂ ਸਬੰਧਤ ਏਰੀਆ ਤੇ ਤੁਰੰਤ ਨਿਗਰਾਨੀ ਰੱਖੀ ਜਾਵੇ। ਜੇਕਰ ਕੋਈ ਸ਼ੱਕੀ ਪੁਰਸ਼ ਮਿਲਦਾ ਹੈ ਤਾਂ ਉਸ ਨੂੰ ਚੈੱਕ ਕੀਤਾ ਜਾਵੇ। ਦੌਰਾਨੇ ਚੈਕਿੰਗ ਕੋਈ ਨਸ਼ੀਲੀ ਵਸਤੂ ਮਿਲਦੀ ਹੈ ਤਾਂ ਇਸ ਸਬੰਧੀ ਤੁਰੰਤ ਪੁਲਿਸ ਕੰਟਰੋਲ ਰੂਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਸੂਚਨਾ ਦਿੱਤੀ ਜਾਵੇ। ਇੰਚਾਰਜ ਸਪੈਸ਼ਲ ਬਰਾਂਚ ਡੀਪੀਓ ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਗਈ ਕਿ ਜਲਾਲਾਬਾਦ ਰੋਡ ’ਤੇ ਸਥਿਤ ਫਲਾਈਓਵਰ ਦੇ ਹੇਠਾਂ ਨੇੜੇ ਪੌੜੀਆਂ ਪਰ ਖੁਫੀਆ ਸੋਰਸ ਲਗਾ ਕੇ ਨਸ਼ਾ ਵੇਚਣ ਵਾਲੇ ਪੁਰਸ਼ਾਂ/ਔਰਤਾਂ ਦਾ ਪਤਾ ਲਗਾਇਆ ਜਾਵੇ ਅਤੇ ਇਸ ਸਬੰਧੀ ਸੂਚਨਾ ਇਕੱਤਰ ਕੀਤੀ ਜਾਵੇ ਅਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਨਸ਼ਾ ਵੇਚਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪਰ ਇਹ ਆਦੇਸ਼ ਸਿਰਫ ਕਾਗਜੀ ਕਾਰਵਾਈ ਬਣ ਕੇ ਰਹਿ ਗਏ।