ਗੈਰ ਵਿੱਦਿਅਕ ਡਿਊਟੀਆਂ ਖ਼ਿਲਾਫ਼ ਡੀਸੀ ਨੂੰ ਮਿਲੇਗਾ ਵਫ਼ਦ : ਡੀਟੀਐੱਫ
ਗੈਰ ਵਿੱਦਿਅਕ ਡਿਊਟੀਆਂ ਖਿਲਾਫ ਡੀਟੀਐੱਫ ਦਾ ਵਫ਼ਦ ਮਿਲੇਗਾ ਡਿਪਟੀ ਕਮਿਸ਼ਨਰ ਨੂੰ
Publish Date: Sun, 19 Apr 2026 06:43 PM (IST)
Updated Date: Sun, 19 Apr 2026 06:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਅਤੇ ਹੋਰ ਸਹਿਯੋਗੀ ਜੱਥੇਬੰਦੀਆਂ ਦੀ ਮੀਟਿੰਗ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ’ਚ ਹੋਈ। ਇਸ ਮੀਟਿੰਗ ’ਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਅਧਿਆਪਕਾਂ ਦੀਆਂ ਜਨ-ਗਣਨਾ, ਬੀਐੱਲਓ ਅਤੇ ਹੋਰ ਗ਼ੈਰ ਵਿੱਦਿਅਕ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਕਾਰਣ ਸਕੂਲਾਂ ’ਚ ਵਿੱਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਜਾਰੀ ਹੋਈਆਂ ਲਿਸਟਾਂ ਵਿੱਚੋਂ ਦਫ਼ਤਰੀ ਬਾਬੂਆਂ ਨੇ ਆਪਣੇ ਚਹੇਤਿਆਂ ਦੀਆਂ ਡਿਊਟੀਆਂ ਕੱਟ ਕੇ ਹੋਰ ਦੂਜੇ ਅਧਿਆਪਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਇਸ ਦੇ ਖਿਲਾਫ ਡੀਟੀਐੱਫ ਅਤੇ ਸਹਿਯੋਗੀ ਜੱਥੇਬੰਦੀਆਂ ਦਾ ਵੱਡਾ ਵਫ਼ਦ ਕੱਲ੍ਹ ਮਿਤੀ 20/04/2026 ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਬਾਅਦ ਦੁਪਹਿਰ 3 ਵਜੇ ਮਿਲੇਗਾ। ਇਸਤੋਂ ਇਲਾਵਾ ਇਸ ਮੀਟਿੰਗ ’ਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਸੰਬੰਧੀ ਆਉਣ ਵਾਲ਼ੇ ਸਮੇਂ ’ਚ ਵੱਡੇ ਐਕਸ਼ਨ ਕੀਤੇ ਜਾਣਗੇ ਜਿਸਦੀ ਲਾਮਬੰਦੀ ਕਰਨ ਲਈ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ 27 ਅਪ੍ਰੈਲ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ। ਇਸ ਕਨਵੈਨਸ਼ਨ ’ਚ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਹਿੱਸਾ ਲੈਣਗੇ ਅਤੇ ਪੁਰਾਣੇ ਸਕੇਲਾਂ, ਪੈਨਸ਼ਨ ਅਤੇ ਭੱਤਿਆਂ ਦੀ ਮੰਗ ਨੂੰ ਲੈ ਕੇ 17 ਮਈ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਪਰਮ ਬੁੱਟਰ, ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਗੋਨੇਆਣਾ, ਵਿੱਤ ਸਕੱਤਰ ਮਨਦੀਪ ਸਿੰਘ, ਬਲਾਕ ਪ੍ਰਧਾਨ ਰਵੀ ਕੁਮਾਰ, ਜਸਵੰਤ ਸਿੰਘ, ਕੰਵਲਜੀਤ ਪਾਲ, ਬਲਵੰਤ ਸਿੰਘ, ਬਲਜਿੰਦਰ ਸਿੰਘ, ਪ੍ਰਵੇਸ਼ ਕੁਮਾਰ, ਸ਼ਮਿੰਦਰ ਸਿੰਘ ਅਸ਼ੋਕ ਚਾਵਲਾ ਆਦਿ ਸ਼ਾਮਲ ਸਨ।