ਮਰਦਮਸ਼ੁਮਾਰੀ ਦੀ ਤਿਆਰੀ ਸਬੰਧੀ ਕੀਤੀ ਸਮੀਖਿਆ
ਜਨਗਣਨਾ 2027 ਦੇ ਪਹਿਲੇ ਪੜਾਅ
Publish Date: Sun, 26 Apr 2026 03:51 PM (IST)
Updated Date: Mon, 27 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ। ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੋਵੇਗੀ, ਜਿਸ ਵਿਚ 30 ਅਪ੍ਰੈਲ ਤੋਂ 14 ਮਈ 2026 ਤੱਕ ਸੈਲਫ਼-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਵੀ ਮਿਲੇਗੀ। ਜਨਗਣਨਾ ਸਬੰਧੀ ਜਾਣਕਾਰੀ ਤੇ ਜਾਗਰੂਕਤਾ ਲਈ ਇਕ ਵਿਸ਼ੇਸ਼ ਵੀਡੀਓ ਸਿਖਲਾਈ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ ਜਿਸ ਨਾਲ ਜਨਗਣਨਾ ਸਬੰਧੀ ਪ੍ਰਕਿਰਿਆ ਆਸਾਨੀ ਨਾਲ ਮੁਕੰਮਲ ਕੀਤੀ ਜਾ ਸਕਦੀ ਹੈ। ਇਸ ਪ੍ਰਤੀ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਪ੍ਰੀਤ ਸਿੰਘ, ਐੱਸਡੀਐੱਮ ਮੋਗਾ ਸੂਰਜ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਲਫ਼ ਇਨਿਊਮਰੇਸ਼ਨ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ, ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਉਹ ਆਪਣੀ, ਆਪਣੇ ਦਫ਼ਤਰ ਅਧੀਨ ਕੰਮ ਕਰਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੈਲਫ਼ ਇਨਿਊਮਰੇਸ਼ ਨੂੰ ਜ਼ਰੂਰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸੈਲਫ਼ ਹੈਲਪ ਗਰੁੱਪਾਂ, ਪੰਚਾਂ, ਸਰਪੰਚਾਂ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਵਿਭਾਗੀ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਤੇ ਹੋਰ ਨਾਲ ਜੁੜੇ ਲੋਕਾਂ ਨੂੰ ਜਨਗਣਨਾ ਤਹਿਤ ਖੁਦ ਜਾਣਕਾਰੀ ਭਰਨ ਲਈ ਪ੍ਰੇਰਿਤ ਕੀਤਾ ਜਾਵੇ । ਇਸ ਤੋਂ ਇਲਾਵਾ ਸਮੂਹ ਐੱਸਡੀਐੱਮਜ ਨੂੰ ਆਪੋ ਆਪਣੇ ਅਧਿਕਾਰ ਖੇਤਰ ਵਿਚ ਮਰਦਮਸ਼ੁਮਾਰੀ ਬਾਰੇ ਜਾਗਰੂਕਤਾ ਲਈ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ ਤੇ ਦਰਜ ਕਰ ਸਕਦੇ ਹਨ।