ਸਿਹਤ ਵਿਭਾਗ ਨੇ ਜ਼ਿਲ੍ਹੇ ਭਰ ’ਚ 62 ਟੀਕਾਕਰਨ ਕੈਂਪ ਲਗਾਏ
ਸਿਹਤ ਵਿਭਾਗ ਵੱਲੋਂ ਜਿਲ੍ਹੇ ਭਰ ਵਿੱਚ 62 ਟੀਕਾਕਰਨ ਕੈਂਪ ਆਯੋਜਿਤ
Publish Date: Wed, 20 May 2026 03:44 PM (IST)
Updated Date: Thu, 21 May 2026 04:01 AM (IST)

522 ਬੱਚਿਆਂ ਤੇ 197 ਗਰਭਵਤੀ ਔਰਤਾਂ ਦੀ ਵੈਕਸੀਨੇਸ਼ਨ ਕੀਤੀ ਚਾਨਾ ਪੰਜਾਬੀ ਜਾਗਰਣ ਫਰੀਦਕੋਟ, ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਨੂੰ ਸਮਰਪਿਤ ਜਿਲ੍ਹੇ ਭਰ ਵਿੱਚ ਵੱਖ-ਵੱਖ ਸਿਹਤ ਸੰਸਥਾਵਾਂ, ਆਂਗਣਵਾੜੀ ਸੈਂਟਰ, ਮੁਹੱਲਿਆਂ ਅਤੇ ਪਿੰਡਾਂ-ਕਸਬਿਆਂ ਵਿੱਚ ਮਮਤਾ ਦਿਵਸ ਨੂੰ ਸਮਰਪਿਤ 65 ਟੀਕਾਕਰਨ ਕੈਂਪ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਜਿੱਥੇ ਟੀਕਾਕਰਨ ਕੀਤਾ ਗਿਆ ਉੱਥੇ ਹੀ ਇਹਨਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਦੀ ਜਾਂਚ, ਸਤੁੰਲਿਤ, ਸੰਸਥਾਗਤ ਜਣੇਪਾ, ਨਵ-ਜਨਮੇ ਬੱਚੇ ਦਾ ਟੀਕਾਕਰਨ, ਭਾਰ ਤੇ ਕੱਦ ਨੋਟ ਕਰਨ, ਬੱਚਿਆ ਦੀ ਘਰ ਅਧਾਰਿਤ ਦੇਖਭਾਲ ਸਬੰਧੀ ਸੇਵਾਵਾਂ ਅਤੇ ਗੈਰ-ਸੰਚਾਰੀ ਰੋਗ ਜਿਵੇਂ ਕੈਂਸਰ, ਸ਼ੂਗਰ, ਬੀ.ਪੀ ਅਤੇ ਲਕਵਾ ਆਦਿ ਦੀ ਰੋਕਥਾਮ ਤੇ ਇਲਾਜ ਸਬੰਧੀ ਸਿਹਤ ਜਾਂਚ ਅਤੇ ਜਾਗਰੂਕਤਾ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਲ੍ਹੇ ਭਰ ਵਿੱਚ ਵਿਭਾਗ ਵੱਲੋਂ 62 ਟੀਕਾਕਰਨ ਸੈਸ਼ਨ ਲਗਾ ਕੇ 522 ਬੱਚਿਆਂ ਅਤੇ 197 ਗਰਭਵਤੀ ਔਰਤਾਂ ਦਾ ਟੀਕਾਕਰਨ ਅਤੇ ਸਿਹਤ ਜਾਂਚ ਕੀਤੀ ਗਈ। ਸਥਾਨਕ ਸਿਵਲ ਹਸਪਤਾਲ ਦੇ ਟੀਕਾਕਰਨ ਕੇਂਦਰ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਗਗਨ ਬਜਾਜ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਵਿਸ਼ੇਸ਼ ਦੌਰਾ ਕੀਤਾ ਅਤੇ ਟੀਕਾਕਰਨ ਦੇ ਕੰਮਕਾਜ ਦਾ ਜਾਇਜਾ ਲਿਆ। ਇਸ ਮੌਕੇ ਡਾ. ਗਗਨ ਬਜਾਜ ਨੇ ਦੱਸਿਆ ਕਿ ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨ ਪਾਲ ਸਿੱਧੂ ਦੀ ਯੋਗ ਅਗਵਾਈ ਹੇਠ ਟੀਕਾਕਰਨ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਏ.ਐਨ.ਐਮ., ਆਸ਼ਾ ਵਰਕਰ ਅਤੇ ਲਿੰਕ ਵਰਕਰਾਂ ਨਾਲ ਸਮੇਂ-ਸਮੇਂ ਮੀਟਿੰਗ ਦਾ ਆਯੋਜਨ ਕਰਕੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਮਾਸ ਮੀਡੀਆ ਅਧਿਕਾਰੀਆਂ ਨੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਟੀਕਾਕਰਨ ਕੈਂਪ ਮੌਕੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਲਈ ਮੁਹੱਈਆ ਸਿਹਤ ਸਹੂਲਤਾਂ, ਸਕੀਮਾਂ ਅਤੇ ਇਲਾਜ ਸੇਵਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਗਰੀਬ ਅਤੇ ਲੋੜਵੰਦ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ। ਉਹਨਾਂ ਕਿਹਾ ਕਿ ਜਾਗਰੂਕਤਾ ਸਮੱਗਰੀ ਨੂੰ ਸਿਹਤ ਕੇਂਦਰਾਂ ਅਤੇ ਟੀਕਾਕਰਨ ਸੈਸ਼ਨਾਂ ਉੱਪਰ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਸਿਹਤ ਵਿਭਾਗ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਇਸ ਮੌਕੇ ਆਈ.ਈ.ਸੀ. ਨੋਡਲ ਅਫਸਰ ਕਮ ਬੀ.ਈ.ਈ. ਫਲੈਗ ਚਾਵਲਾ, ਰਜਿੰਦਰ ਕੁਮਾਰ, ਸੁਰਿੰਦਰ ਕੌਰ, ਐਲ.ਐਚ.ਵੀ. ਪਰਮਜੀਤ ਕੌਰ, ਐਲ.ਐਚ.ਵੀ. ਸੁਨੀਤਾ ਰਾਣੀ, ਏ.ਐਨ.ਐਮ. ਰਾਜਵੀਰ ਕੌਰ, ਏ.ਐਨ.ਐਮ.ਪਰਮਜੀਤ ਕੌਰ, ਏ.ਐਨ.ਐਮ. ਸਤਿੰਦਰਪਾਲ ਕੌਰ, ਏ.ਐਨ.ਐਮ. ਪੂਨਮ ਨੇ ਲਗਾਏ ਟੀਕਾਕਰਨ ਕੈਂਪ ਅਤੇ ਕਵਰ ਕੀਤੇ ਲਾਭਪਾਤਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।