ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਰਹੱਦੀ ਖ਼ੇਤਰ ਦੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਰਹੱਦੀ ਖ਼ੇਤਰ ਦੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ
Publish Date: Wed, 03 Sep 2025 05:50 PM (IST)
Updated Date: Wed, 03 Sep 2025 05:52 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਫਾਜ਼ਿਲਕਾ ਜ਼ਿਲ੍ਹੇ ਦੇ ਕਾਵਾਂ ਵਾਲਾ ਪੱਤਣ ਤੋਂ ਪਾਰਲੇ ਲੱਗਭਗ 12 ਪਿੰਡਾਂ ਦੇ ਲੋਕ ਕੁਦਰਤੀ ਕਹਿਰ ਦੀ ਮਾਰ ਝੱਲ ਰਹੇ ਹਨ। ਸੰਕਟ ਦੀ ਔਖੀ ਘੜੀ ਸਮੇਂ ਅਧਿਆਪਕ ਜਥੇਬੰਦੀ ਡੀਟੀਐੱਫ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਦੀ ਅਗਵਾਈ ’ਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਢਾਣੀ ਸੱਦਾ ਸਿੰਘ ’ਚ ਲਗਭਗ 85 ਘਰਾਂ ਨੂੰ 85 ਹਜ਼ਾਰ ਦੀ ਰਾਹਤ ਸਮੱਗਰੀ ਵੰਡੀ ਗਈ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਨੇ ਕਿਹਾ ਕਿ ਸਰਕਾਰੀ ਸਹਾਇਤਾ ਨਦਾਰਦ ਹੋਣ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਜਨਤਕ ਜਥੇਬੰਦੀਆਂ ਵੱਲੋਂ ਲਗਾਤਾਰ ਪੀੜਤ ਪ੍ਰੀਵਾਰਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਮੀਤ ਪ੍ਰਧਾਨ ਪਰਮਿੰਦਰ ਖੋਖਰ ਨੇ ਦੱਸਿਆ ਲੋੜਵੰਦ ਪਰਿਵਾਰਾਂ ਨੂੰ ਦਾਲਾਂ, ਕਾਲੇ ਛੋਲੇ, ਸੋਇਆ ਵੜੀਆਂ, ਹਲਦੀ, ਮਿਰਚ, ਮਸਾਲਾ, ਨਮਕ, ਖੰਡ, ਚਾਹ, ਪੱਤੀ ਸਰੋਂ ਦਾ ਤੇਲ, ਆਲੂ, ਪਿਆਜ਼, ਸਾਬਣ ਤੇ ਪਾਣੀ ਦੀਆਂ ਬੋਤਲਾਂ ਦੀਆਂ ਕਿੱਟਾਂ ਬਣਾਕੇ ਦਿੱਤੀਆਂ ਗਈਆਂ ਹਨ। ਟੀਮ ’ਚ ਸ਼ਾਮਲ ਜ਼ਿਲ੍ਹਾ ਆਗੂ ਸੁਖਜੀਤ ਥਾਂਦੇਵਾਲਾ, ਰਵਿੰਦਰਦੀਪ ਗੁਲਾਬ ਵਾਲਾ ਅਤੇ ਕ੍ਰਿਸ਼ਨ ਰੰਗਾ ਨੇ ਦੱਸਿਆ ਕਿ ਇਹ ਢਾਣੀ ਚਾਰ ਚੁਫ਼ੇਰਿਓਂ ਪਾਣੀ ਨਾਲ ਪੂਰੀ ਤਰ੍ਹਾਂ ਘਿਰ ਚੁੱਕੀ ਹੈ ਅਤੇ ਕਿਸ਼ਤੀਆਂ ਦੀ ਸਹਾਇਤਾ ਨਾਲ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪਿੰਡ ਦੇ ਮੌਜੂਦਾ ਨੌਜਵਾਨ ਸਰਪੰਚ ਚੰਨ ਸਿੰਘ ਅਤੇ ਲੋਕਲ ਬੇੜੀ ਚਾਲਕਾਂ ਦੀ ਸਹਾਇਤਾ ਨਾਲ ਇਹ ਰਾਸ਼ਨ ਸਮੱਗਰੀ ਘਰੋ-ਘਰੀ ਪਹੁੰਚਾਈ ਗਈ। ਪਿੰਡ ਵਾਸੀਆਂ ਪਰਮਜੀਤ ਸਿੰਘ ਅਤੇ ਪ੍ਰਕਾਸ਼ ਚੰਦ ਨੇ ਦੱਸਿਆ ਕਿ ਮਨੁੱਖਾਂ ਲਈ ਮੈਡੀਕਲ ਸਹਾਇਤਾ ਅਤੇ ਮਾਲ ਡੰਗਰ ਲਈ ਹਰੇ ਚਾਰੇ ਦੀ ਬਹੁਤ ਭਾਰੀ ਕਿੱਲਤ ਹੈ। ਬਿਜਲੀ ਸਪਲਾਈ ਦਿਨ ਸਮੇਂ ਲੱਗਭਗ ਠੱਪ ਹੀ ਰਹਿੰਦੀ ਹੈ। ਪਾਣੀ ਦਾ ਪੱਧਰ ਕਿਸੇ ਸਮੇਂ ਵੀ ਵਧ ਸਕਦਾ ਹੈ। ਬਿਜਲੀ ਸਪਲਾਈ ਦਿਨ ਵੇਲੇ ਪੂਰੀ ਤਰ੍ਹਾਂ ਬੰਦ ਰਹਿੰਦੀ ਹੈ, ਕੇਵਲ ਪਿੰਡ ਦੀ ਸਪੈਸ਼ਲ ਸਪਲਾਈ ਰਾਤ ਨੂੰ ਹੀ ਦਿੱਤੀ ਜਾਂਦੀ ਹੈ। ਘਰਾਂ ਦੇ ਬਾਹਰ ਅਤੇ ਗਲੀਆਂ ’ਚ 2 ਤੋਂ 3 ਫੁੱਟ ਪਾਣੀ ਖੜ੍ਹਾ ਹੋਇਆ ਹੈ ਘਰਾਂ ਮੂਹਰੇ ਮਿੱਟੀ ਦੇ ਬੰਨ੍ਹ ਬਣਾ ਕੇ ਪਾਣੀ ਨੂੰ ਘਰਾਂ ਅੰਦਰ ਵੜਨ ਤੋਂ ਰੋਕਿਆ ਹੋਇਆ ਹੈ। ਖੇਤਾਂ ’ਚ ਸਟੋਰ ਕੀਤੀ ਤੂੜੀ ਜ਼ਿਆਦਾਤਰ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਈ ਹੈ। ਜੱਥੇਬੰਦੀ ਵੱਲੋਂ ਪੀੜਤ ਪ੍ਰੀਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕਰਦਿਆਂ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਕਿਹਾ ਕਿ ਅਧਿਆਪਕ ਕੇਵਲ ਤਨਖਾਹ ਵਾਧੇ ਦਾ ਡੀਏ ਦੇ ਬਕਾਇਆਂ ਦੀ ਲੜਾਈ ਹੀ ਨਹੀਂ ਲੜਦੇ ਸਗੋਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਸੁਹਿਰਦਤਾ ਨਾਲ ਨਿਭਾਉਂਦੇ ਹਨ। ਇਸ ਸਮੇਂ ਸੁਖਚੈਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਵਰਨ ਸਿੰਘ ਵੜਵਾਲ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।