ਜਥੇਬੰਦੀ ਆਗੂਆਂ ’ਤੇ ਪਰਚੇ ਰੱਦ ਕਰਨ ਦੀ ਮੰਗ
ਖੁਖਰਾਣਾ ਪਿੰਡ ਦੀ ਅਨਾਜ ਮੰਡੀ ਵਿਚ
Publish Date: Fri, 08 May 2026 04:24 PM (IST)
Updated Date: Sat, 09 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਖੁਖਰਾਣਾ ਪਿੰਡ ਦੀ ਅਨਾਜ ਮੰਡੀ ਵਿਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਰਕੇ 25 ਅਪ੍ਰੈਲ ਨੂੰ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜਦੂਰ ਯੂਨੀਅਨ ਵੱਲੋਂ ਸੜਕ ਤੇ ਰੋਸ ਪ੍ਰਦਰਸ਼ਨ ਤੋਂ ਖ਼ਫ਼ਾ ਹੋ ਕੇ ਪੁਲਿਸ ਪ੍ਰਸਾਸ਼ਨ ਨੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਸਿੰਘ ਖੁਖਰਾਣਾ, ਏਆਈਐੱਸਐੱਫ਼ ਦੇ ਆਗੂ ਸੁਖਜਿੰਦਰ ਮਹੇਸ਼ਰੀ ਸਮੇਤ 9 ਵਿਅਕਤੀਆਂ ਉੱਪਰ ਅਤੇ 40 ਤੋਂ 45 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਝੂਠਾ ਪਰਚਾ ਦਰਜ ਕੀਤਾ ਹੈ। ਅੱਜ ਇਹ ਪਰਚਾ ਰੱਦ ਕਰਾਉਣ ਲਈ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਸਫ਼ਾਈ ਸੇਵਕ ਯੂਨੀਅਨ ਪੰਜਾਬ, ਮਿਊਂਸੀਪਲ ਇੰਪਲਾਇਜ਼ ਫੈੱਡਰੇਸ਼ਨ ਦਾ ਵਫ਼ਦ ਐੱਸਐੱਸਪੀ ਮੋਗਾ ਨੂੰ ਮਿਲਿਆ। ਐੱਸਐੱਸਪੀ ਸਰਤਾਜ ਸਿੰਘ ਚਾਹਲ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ। ਜੇਕਰ ਪਰਚਾ ਰੱਦ ਨਾ ਹੋਇਆ ਤਾਂ ਇਸ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਨੇ ਕਣਕ ਦੀ ਖ਼ਰੀਦ ਕਰਕੇ ਤੁਰੰਤ ਚੁਕਾਉਣ ਦਾ ਭਰੋਸਾ ਦਿੱਤਾ ਸੀ, ਜੋ ਵਫ਼ਾ ਨਹੀਂ ਹੋਇਆ ਪੂਰੇ ਜ਼ਿਲ੍ਹੇ ਵਿਚ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਹਾਲੇ ਵੀ ਕੋਈ ਹੱਲ ਹੋਣ ਦਾ ਸੰਭਾਵਨਾ ਨਹੀਂ ਲੱਗਦੀ। ਇਹੀ ਮੰਗ ਕਰਨ ਲਈ ਖੁਖਰਾਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਪ੍ਰਸਾਸ਼ਨ ਨੇ ਮੰਗਾਂ ਮੰਨ ਲਈਆਂ ’ਤੇ ਰੋਸ ਪ੍ਰਦਰਸ਼ਨ ਸਮਾਪਤ ਕਰ ਦਿਤਾ ਗਿਆ ਸੀ ਪਰ ਪੁਲਿਸ ਨੇ ਰੰਜਸ਼ ਦੇ ਤਹਿਤ ਆਗੂਆਂ ਉੱਪਰ ਝੂਠਾ ਪਰਚਾ ਦਰਜ ਕਰ ਦਿਤਾ, ਜੋ ਬਰਦਾਸ਼ਤ ਯੋਗ ਨਹੀਂ। ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਗੂ ਸਤਨਾਮ ਅਣਜਾਨ, ਬੰਟੀ ਬੋਹਤ, ਮਿਊਂਸੀਪਲ ਇੰਪਲਾਇਜ਼ ਫੈੱਡਰੇਸ਼ਨ ਦੇ ਆਗੂ ਜਸਵੀਰ ਸਿੰਘ ਗਿੱਲ, ਪਸਸਫ਼ ਦੇ ਆਗੂ ਰਜਿੰਦਰ ਰਿਆੜ ਨੇ ਕਿਹਾ ਕਿ ਸਰਕਾਰ ਨੇ ਆਈਪੀਸੀ ਦੀ ਥਾਂ ਬੀਐੱਨਐੱਸ ਲਿਆ ਕਾਨੂੰਨ ਦੇ ਦੰਦ ਤਿੱਖੇ ਕਰਕੇ ਰੋਸ ਪ੍ਰਦਰਸ਼ਨ ਕਰਨ ਦੇ ਹੱਕ ਖੋਹਣ ਲਈ ਪਰਚੇ ਪਾਉਣੇ ਸ਼ੁਰੂ ਕੀਤੇ ਹਨ। ਪਰਚੇ ਰੱਦ ਕਰਾਉਣ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ।