ਪੇ ਅਨਾਮਲੀ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ ਅਧਿਆਪਕਾਂ ਦਾ ਵਫ਼ਦ
ਪੇ ਅਨਾਮਲੀ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ ਅਧਿਆਪਕਾਂ ਦਾ ਵਫ਼ਦ
Publish Date: Wed, 13 May 2026 05:55 PM (IST)
Updated Date: Wed, 13 May 2026 05:57 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪਰਿਸ਼ਦ ਤੋਂ ਸਿੱਖਿਆ ਵਿਭਾਗ ’ਚ ਤਬਦੀਲ ਹੋ ਕੇ ਆਏ ਅਧਿਆਪਕਾਂ ਦਾ ਇੱਕ ਵਫਦ ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ ਨੂੰ ਮਿਲਿਆ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਲੰਬੀ ਬਲਾਕ ਦੇ ਸੀਨੀਅਰ ਅਧਿਆਪਕਾਂ ਅਤੇ ਬਾਕੀ ਬਲਾਕਾਂ ਦੇ ਕੁਝ ਅਧਿਆਪਕਾਂ ਦੀ ਰਹਿੰਦੀ ਪੇ ਅਨਾਮਲੀ ਦੂਰ ਕਰਨ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 6 ਬਲਾਕਾਂ ਵਿੱਚੋਂ ਪੰਜ ਬਲਾਕਾਂ ਵਿੱਚ ਪੇ ਅਨਾਮਲੀ ਦੂਰ ਕਰ ਦਿੱਤੀ ਗਈ ਹੈ। ਪਰ ਲੰਬੀ ਬਲਾਕ ’ਚ ਅਜੇ ਵੀ ਇਹ ਪੇ ਅਨਾਮਲੀ ਦੂਰ ਨਾ ਹੋਣ ਕਾਰਨ ਸੀਨੀਅਰ ਅਧਿਆਪਕ ਆਪਣੇ ਜੂਨੀਅਰ ਅਧਿਆਪਕਾਂ ਨਾਲੋਂ ਘੱਟ ਤਨਖਾਹ ਲੈ ਰਹੇ ਹਨ, ਜੋ ਕਿ ਨਿਆ ਸੰਗਤ ਨਹੀਂ ਹੈ। ਇਸ ਸਬੰਧੀ ਮਾਨਯੋਗ ਹਾਈਕੋਰਟ ਦੁਆਰਾ ਵੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤੇ ਮੁੱਖ ਦਫਤਰ ਵੱਲੋਂ ਵੀ ਆਦੇਸ਼ ਦਿੱਤੇ ਗਏ ਹਨ। ਪਰ ਜ਼ਿਲ੍ਹਾ ਪੱਧਰ ਤੇ ਇਸ ਮਾਮਲੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੰਬੀ ਬਲਾਕ ਦੇ ਅਧਿਆਪਕਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ, ਕਿਉਂਕਿ ਉਹ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਟੇਟ ਪੱਧਰ ’ਤੇ ਵੀ ਜਥੇਬੰਦੀ ਵੱਲੋਂ ਲਗਾਤਾਰ ਇਸ ਮਾਮਲੇ ’ਤੇ ਪੈਰਵਾਈ ਕੀਤੀ ਜਾ ਰਹੀ ਹੈ ਪਰ ਜੇਕਰ ਜ਼ਿਲ੍ਹਾ ਪੱਧਰ ਜਾਂ ਬਲਾਕ ਪੱਧਰ ਤੇ ਇਸ ਮਾਮਲੇ ਨੂੰ ਅਣਗੌਲਿਆ ਕੀਤਾ ਗਿਆ ਤਾਂ ਅਧਿਆਪਕਾਂ ਦੇ ਹੱਕ ਲਈ ਜਥੇਬੰਦੀ ਬਹੁਤ ਜਲਦੀ ਹੀ ਅਗਲੇ ਸੰਘਰਸ਼ ਦੇ ਰੂਪ ਰੇਖਾ ਤਿਆਰ ਕਰੇਗੀ ਅਤੇ ਅਧਿਆਪਕਾਂ ਨੂੰ ਇਨਸਾਫ ਦਵਾਉਣ ਤੱਕ ਇਹ ਲੜਾਈ ਜਾਰੀ ਰਹੇਗੀ। ਇਸ ਮੌਕੇ ਤੇ ਵੱਖ-ਵੱਖ ਅਧਿਆਪਕਾਂ ਆਗੂ ਬਲਵਿੰਦਰ ਸਿੰਘ ਮੱਕੜ, ਧਰਮਪਾਲ, ਸਤਨਾਮ ਸਿੰਘ, ਗੁਰਪਾਲ ਸਿੰਘ, ਵਿਕਰਮ ਕੁਮਾਰ, ਮਦਨ ਲਾਲ, ਮੰਗੂ ਸਿੰਘ ਬਰਾੜ, ਭੁਪਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸੁੱਖੀ, ਹਰਸਿਮਰਨ ਸਿੰਘ, ਅਸ਼ੋਕ ਸ਼ਰਮਾ ਸੁਖਵਿੰਦਰ ਸਿੰਘ, ਨਰੇਸ਼ ਕੁਮਾਰ ਅਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।