ਅਧਿਆਪਕਾਂ ਤੋਂ ਦੂਹਰੀ ਡਿਊਟੀ ਲੈਣ ਖ਼ਿਲਾਫ਼ ਤੇ ਜਨਗਣਨਾ ਸਬੰਧੀ ਵਫ਼ਦ ਏਡੀਸੀ ਨੂੰ ਮਿਲਿਆ
ਅਧਿਆਪਕਾਂ ਤੋਂ ਦੂਹਰੀ ਡਿਊਟੀ ਲੈਣ ਖ਼ਿਲਾਫ਼ ਤੇ ਜਨਗਣਨਾ ਸਬੰਧੀ ਵਫ਼ਦ ਏਡੀਸੀ ਨੂੰ ਮਿਲਿਆ
Publish Date: Mon, 18 May 2026 06:43 PM (IST)
Updated Date: Mon, 18 May 2026 06:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਅਧਿਆਪਕਾਂ ਨੂੰ ਜਨਗਣਨਾ 2026 ਅਤੇ ਮਿਊਂਸਪਲ ਕਮੇਟੀਆਂ ਦੇ ਇਲੈਕਸ਼ਨ ਕਰਾਉਣ ਲਈ ਸਕੂਲਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸਿਤਮ ਜਰੀਫੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਅਧਿਆਪਕਾਂ ਅਤੇ ਵਿਸ਼ੇਸ਼ ਤੌਰ ਤੇ ਔਰਤ ਅਧਿਆਪਕਾਂਵਾਂ ਨੂੰ ਵੀ ਉਨ੍ਹਾਂ ਦੇ ਪਿਤਰੀ ਸਕੂਲਾਂ ਜਾਂ ਰਿਹਾਇਸ਼ੀ ਸਥਾਨ ਤੋਂ ਪਾਸੇ ਜਾ ਕੇ ਜਨਗਣਨਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਡੈਮੋਕਰੈਟਿਕ ਟੀਚਰ ਫਰੰਟ ਅਤੇ ਡੀਟੀਐੱਫ (ਸਬੰਧਿਤ ਡੀਐਮਐੱਫ) ਦੋਹਾਂ ਜੱਥੇਬੰਦੀਆਂ ਦਾ ਜ਼ਿਲ੍ਹਾ ਪੱਧਰੀ ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਮੁਕਤਸਰ ਸ੍ਰੀ ਡੈਵੀ ਗੋਇਲ ਨੂੰ ਮਿਲਿਆ। ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਬੰਧਿਤ ਅਧਿਕਾਰੀ ਵੱਲੋਂ ਵਫ਼ਦ ਦੀਆਂ ਮੰਗਾਂ ਨਾਲ ਸਿਧਾਂਤਕ ਸਹਿਮਤੀ ਪ੍ਰਗਾਟਾਉਦਿਆਂ ਜਨਗਣਨਾ ਵਿੱਚ ਲੱਗੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦੇਣ ਲਈ ਪੱਤਰ ਜਾਰੀ ਕਰਨ ਦਾ ਵਿਸ਼ਵਾਸ ਦਵਾਇਆ। ਆਪਣੇ ਪਿੱਤਰੀ ਬਲਾਕ ਤੋਂ ਬਾਹਰ ਇਲੈਕਸ਼ਨ ਡਿਊਟੀ ਲਈ ਤਾਇਨਾਤ ਕੀਤੀਆਂ ਔਰਤ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਪਿਤਰੀ ਬਲਾਕ ’ਚ ਡਿਊਟੀ ਤੇ ਤਾਇਨਾਤ ਕਰਨ ਦਾ ਵਿਸ਼ਵਾਸ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਡਬਲ ਡਿਊਟੀ ਵਿੱਚ ਇੱਕ ਡਿਊਟੀ ਕੱਟਣ ਦੀ ਮੰਗ ਕੀਤੀ ਜਿਸ ਤੇ ਸਬੰਧਿਤ ਅਧਿਕਾਰੀ ਵੱਲੋਂ ਇੱਕੋ ਡਿਊਟੀ ਲੈਣ ਦਾ ਭਰੋਸਾ ਦਿੱਤਾ। ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਮਿਤੀ 20/5/26 ਨੂੰ ਐੱਸਡੀਐਮ ਗਿੱਦੜਬਾਹਾ ਨੂੰ ਦੋਹਾਂ ਜੱਥੇਬੰਦੀਆਂ ਦਾ ਭਰਵਾਂ ਵਫ਼ਦ ਅਧਿਆਪਕ ਮਸਲਿਆਂ ਦੇ ਹੱਲ ਲਈ 3:00 ਵਜੇ ਸ਼ਾਮ ਮਿਲੇਗਾ। ਇਸ ਸਮੇਂ ਸੁਰਿੰਦਰ ਸੇਤੀਆ, ਪਰਮਿੰਦਰ ਖੋਖਰ, ਨੀਰਜ਼ ਬਜਾਜ, ਰਵਿੰਦਰ ਰਵੀ, ਕੁਲਵਿੰਦਰ ਪਾਲ, ਚਰਨਜੀਤ ਅਟਵਾਲ, ਕੁਲਵਿੰਦਰ ਅਕਾਲਗੜ੍ਹ, ਸੁਖਜੀਤ ਥਾਂਦੇਵਾਲਾ, ਚਮਨ ਪ੍ਰਜਾਪਤੀ , ਰਵੀ ਕੁਮਾਰ, ਰਵੀ ਸ਼ਰਮਾ, ਰਾਕੇਸ਼ ਚਲਾਣਾ, ਸੁਸ਼ੀਲ ਭਾਰਤੀ ਕੁਲਵੰਤ ਸਿੰਘ ਸਮੇਂਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।