ਮੌਤ ਨੂੰ ਮਾਤ ਦੇ ਕੇ ਐਵਰੇਸਟ ਦੀ ਚੋਟੀ 'ਤੇ ਗੱਡਿਆ ਝੰਡਾ! ਕੈਨੇਡਾ 'ਚ ਵਕੀਲ ਤੇ ਫਰੀਦਕੋਟ ਦੇ ਜੰਮਪਲ ਅੰਮ੍ਰਿਤਪਾਲ ਧਾਲੀਵਾਲ ਨੇ ਦੁਨੀਆ ਭਰ 'ਚ ਚਮਕਾਇਆ ਪੰਜਾਬ ਦਾ ਨਾਂ
ਭਿਆਨਕ ਠੰਢ, ਆਕਸੀਜਨ ਦੀ ਘਾਟ ਅਤੇ ਮੌਤ ਦੇ ਖ਼ਤਰੇ ਦੇ ਬਾਵਜੂਦ ਹੌਸਲਾ ਨਾ ਹਾਰਦੇ ਹੋਏ ਫਰੀਦਕੋਟ ਦੇ ਪਿੰਡ ਕਾਸਮ ਭੱਟੀ ਨਾਲ ਸੰਬੰਧਿਤ 49 ਸਾਲਾ ਅਮ੍ਰਿਤਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚ ਦਿੱਤਾ। ਉਹ ਮਾਊਂਟ ਐਵਰੇਸਟ ਫਤਹ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਬਣ ਗਏ ਹਨ। 20 ਮਈ 2026 ਨੂੰ ਉਨ੍ਹਾਂ ਨੇ 8,848.86 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਵੱਡੀ ਚੋਟੀ ਮਾਊਂਟ ਐਵਰੇਸਟ ‘ਤੇ ਸਫਲਤਾਪੂਰਵਕ ਪਹੁੰਚ ਕੇ ਇਹ ਮਾਣ ਹਾਸਲ ਕੀਤਾ।
Publish Date: Fri, 29 May 2026 12:44 PM (IST)
Updated Date: Fri, 29 May 2026 12:46 PM (IST)

ਜਤਿੰਦਰ ਕੁਮਾਰ, ਪੰਜਾਬੀ ਜਾਗਰਣ, ਫਰੀਦਕੋਟ : ਭਿਆਨਕ ਠੰਢ, ਆਕਸੀਜਨ ਦੀ ਘਾਟ ਅਤੇ ਮੌਤ ਦੇ ਖ਼ਤਰੇ ਦੇ ਬਾਵਜੂਦ ਹੌਸਲਾ ਨਾ ਹਾਰਦੇ ਹੋਏ ਫਰੀਦਕੋਟ ਦੇ ਪਿੰਡ ਕਾਸਮ ਭੱਟੀ ਨਾਲ ਸੰਬੰਧਿਤ 49 ਸਾਲਾ ਅਮ੍ਰਿਤਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚ ਦਿੱਤਾ। ਉਹ ਮਾਊਂਟ ਐਵਰੇਸਟ ਫਤਹ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਬਣ ਗਏ ਹਨ। 20 ਮਈ 2026 ਨੂੰ ਉਨ੍ਹਾਂ ਨੇ 8,848.86 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਵੱਡੀ ਚੋਟੀ ਮਾਊਂਟ ਐਵਰੇਸਟ ‘ਤੇ ਸਫਲਤਾਪੂਰਵਕ ਪਹੁੰਚ ਕੇ ਇਹ ਮਾਣ ਹਾਸਲ ਕੀਤਾ।
ਧਾਲੀਵਾਲ ਨੇ ਦੱਸਿਆ ਕਿ ਐਵਰੇਸਟ ਤੋਂ ਵਾਪਸੀ ਦੌਰਾਨ 8 ਹਜ਼ਾਰ ਮੀਟਰ ਤੋਂ ਉੱਪਰ ਵਾਲਾ ‘ਡੈੱਥ ਜ਼ੋਨ’ ਸਭ ਤੋਂ ਖ਼ਤਰਨਾਕ ਸਾਬਤ ਹੋਇਆ। ਆਕਸੀਜਨ ਦੀ ਘਾਟ ਅਤੇ ਸ਼ੇਰਪਾ ਵੱਲੋਂ ਸਾਥ ਛੱਡਣ ਕਾਰਨ ਹਾਲਾਤ ਨਾਜ਼ੁਕ ਬਣ ਗਏ ਸਨ। ਉਨ੍ਹਾਂ ਕਿਹਾ ਕਿ ਇਕ ਸਮੇਂ ਉਹ ਬੇਹੋਸ਼ ਵੀ ਹੋ ਗਏ ਸਨ, ਪਰ ਹੋਸ਼ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਹੈੱਡਲੈਂਪ ਜਗਾ ਕੇ ਮਦਦ ਲਈ ਸੰਕੇਤ ਦਿੱਤਾ, ਜਿਸ ਤੋਂ ਬਾਅਦ ਮਿੰਗਮਾ ਤੇਨਜ਼ਿੰਗ ਸ਼ੇਰਪਾ ਦੀ ਅਗਵਾਈ ਹੇਠ ਟੀਮ ਨੇ ਸਮੇਂ ਸਿਰ ਆਕਸੀਜਨ ਦੇ ਕੇ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੋ ਹੋਰ ਪਹਾੜ ਚੜ੍ਹੂਆਂ ਦੀ ਮੌਤ ਵੀ ਹੋ ਗਈ ਸੀ। ਇਸ ਸਭ ਦੇ ਬਾਵਜੂਦ ਉਨ੍ਹਾਂ ਦਾ ਵਾਹਿਗੁਰੂ ’ਤੇ ਪੂਰਾ ਭਰੋਸਾ ਬਣਿਆ ਰਿਹਾ। ਧਾਲੀਵਾਲ ਨੇ ਮਾਊਂਟ ਐਵਰੇਸਟ ’ਤੇ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਲਿਖਿਆ ਇੱਕ ਫਲੈਕਸ ਵੀ ਲਹਿਰਾਇਆ।
ਧਾਲੀਵਾਲ ਇਸ ਸਮੇਂ ਸਰੀ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿੱਚ ਰਹਿ ਰਹੇ ਹਨ ਅਤੇ ਪੇਸ਼ੇ ਤੋਂ ਵਕੀਲ ਹਨ। ਉਹ ਕਈ ਸਾਲਾਂ ਤੋਂ ਮਾਊਂਟ ਐਵਰੇਸਟ ਫਤਹ ਕਰਨ ਲਈ ਤਿਆਰੀ ਕਰ ਰਹੇ ਸਨ। ਪਿਛਲੇ ਸਾਲ ਕੀਤੀ ਕੋਸ਼ਿਸ਼ ਅਸਫਲ ਰਹੀ ਸੀ, ਪਰ ਇਸ ਵਾਰ ਉਨ੍ਹਾਂ ਨੇ ਕਾਮਯਾਬੀ ਹਾਸਲ ਕਰ ਲਈ। ਮਾਊਂਟ ਐਵਰੇਸਟ ਫਤਹ ਕਰਨ ਤੋਂ ਬਾਅਦ ਪਿੰਡ ਵਾਪਸੀ ’ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਡੀਸੀ ਨੇ ਕਿਹਾ ਕਿ ਧਾਲੀਵਾਲ ਦੀ ਇਹ ਪ੍ਰਾਪਤੀ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਧਾਲੀਵਾਲ ਪਹਿਲਾਂ ਵੀ ਦੁਨੀਆ ਦੀਆਂ ਕਈ ਪ੍ਰਸਿੱਧ ਚੋਟੀਆਂ ਫਤਹ ਕਰ ਚੁੱਕੇ ਹਨ ਅਤੇ ਆਇਰਨ ਮੈਨ ਦਾ ਖਿਤਾਬ ਵੀ ਹਾਸਲ ਕਰ ਚੁੱਕੇ ਹਨ।