ਦੀਪਾ ਸ਼ਰਮਾ ਨੇ ਮਾਰੀ ਬਾਜ਼ੀ, ਚੇਅਰਮੈਨ ਡਾ. ਲਛਮਣ ਭਗਤੂਆਣਾ ਦੀ ਮਿਹਨਤ ਰੰਗ ਲਿਆਈ
ਦੀਪਾ ਸ਼ਰਮਾ ਨੇ ਮਾਰੀ ਬਾਜ਼ੀ ; ਚੇਅਰਮੈਨ ਡਾ. ਲਛਮਣ ਭਗਤੂਆਣਾ ਦੀ ਮਿਹਨਤ ਰੰਗ ਲਿਆਈ
Publish Date: Sat, 30 May 2026 03:26 PM (IST)
Updated Date: Sat, 30 May 2026 03:29 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ-5 ਦੀ ਸੀਟ ਇਲਾਕੇ ਦੀਆਂ ਸਭ ਤੋਂ ਵਕਾਰੀ ਅਤੇ ਚਰਚਿਤ ਸੀਟਾਂ ਵਿਚੋਂ ਇੱਕ ਬਣੀ ਹੋਈ ਸੀ, ਜਿੱਥੇ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਆਪਣੀ ਮਜ਼ਬੂਤ ਪਕੜ ਦਾ ਅਹਿਸਾਸ ਕਰਵਾਇਆ। ਇਸ ਵਾਰਡ ਤੋਂ ਚੋਣ ਮੈਦਾਨ ਵਿਚ ਉਤਰੇ ਪ੍ਰਦੀਪ ਕੁਮਾਰ ਦੀਪਾ ਸ਼ਰਮਾ ਦੀ ਪਤਨੀ ਮਨਦੀਪ ਸ਼ਰਮਾ ਨੇ ਭਾਰੀ ਸਮਰਥਨ ਅਤੇ ਵੱਡੇ ਅੰਤਰ ਨਾਲ ਜਿੱਤ ਹਾਸਿਲ ਕਰਕੇ ਪਾਰਟੀ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ। ਜਿੱਤ ਦੀ ਖ਼ਬਰ ਮਿਲਦਿਆਂ ਹੀ ਵਾਰਡ ਅਤੇ ਸ਼ਹਿਰ ਵਿਚ ਜਸ਼ਨ ਦਾ ਮਾਹੌਲ ਬਣ ਗਿਆ। ਸਮਰਥਕਾਂ ਵੱਲੋਂ ਪਟਾਕੇ ਚਲਾ ਕੇ, ਢੋਲ ਦੀ ਧੁਨ ’ਤੇ ਭੰਗੜੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਜ਼ੋਰਦਾਰ ਜਸ਼ਨ ਮਨਾਇਆ ਗਿਆ। ਵਾਰਡ ਦੀਆਂ ਗਲੀਆਂ ਅਤੇ ਚੌਰਾਹਿਆਂ ’ਤੇ ਦੇਰ ਸ਼ਾਮ ਤੱਕ ਖੁਸ਼ੀ ਦਾ ਮਾਹੌਲ ਬਣਿਆ ਰਿਹਾ। ਨੌਜਵਾਨਾਂ ਵੱਲੋਂ ਐੱਮਐੱਲਏ ਅਮੋਲਕ ਸਿੰਘ ਜ਼ਿੰਦਾਬਾਦ ਅਤੇ ਚੇਅਰਮੈਨ ਡਾ. ਲਛਮਣ ਭਗਤੂਆਣਾ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਉਤਸ਼ਾਹ ਪ੍ਰਗਟਾਇਆ ਗਿਆ। ਸਮਰਥਕਾਂ ਨੇ ਇਸ ਜਿੱਤ ਨੂੰ ਵਿਕਾਸ, ਇਮਾਨਦਾਰ ਰਾਜਨੀਤੀ ਅਤੇ ਲੋਕ ਸੇਵਾ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਦੀਪਾ ਸ਼ਰਮਾ ਨੇ ਆਪਣੀ ਪਤਨੀ ਮਨਦੀਪ ਸ਼ਰਮਾ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਹਲਕਾ ਵਿਧਾਇਕ ਅਮੋਲਕ ਸਿੰਘ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਵਿਸ਼ਵਾਸ, ਮਿਹਨਤ ਅਤੇ ਸੱਚੀ ਸੇਵਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਡਾ. ਲਛਮਣ ਭਗਤੂਆਣਾ ਵੱਲੋਂ ਦਿਨ-ਰਾਤ ਕੀਤੀ ਗਈ ਮਿਹਨਤ, ਘਰ-ਘਰ ਜਾ ਕੇ ਲੋਕਾਂ ਨਾਲ ਕੀਤਾ ਸਿੱਧਾ ਰਾਬਤਾ ਅਤੇ ਟੀਮ ਵਰਕ ਨੇ ਇਸ ਜਿੱਤ ਨੂੰ ਸੰਭਵ ਬਣਾਇਆ ਹੈ। ਦੀਪਾ ਸ਼ਰਮਾ ਨੇ ਕਿਹਾ ਕਿ ਲੋਕਾਂ ਨੇ ਜੋ ਭਰੋਸਾ ਸਾਡੇ ’ਤੇ ਜਤਾਇਆ ਹੈ, ਅਸੀਂ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਾਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਵਾਰਡ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ ਅਤੇ ਇਲਾਕੇ ਦੀ ਹਰ ਛੋਟੀ-ਵੱਡੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ, ਪੀਣ ਵਾਲੇ ਪਾਣੀ, ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਧਾਰਿਆ ਜਾਵੇਗਾ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਚੇਅਰਮੈਨ ਡਾ. ਲਛਮਣ ਭਗਤੂਆਣਾ ਨੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸੱਚ, ਵਿਕਾਸ ਅਤੇ ਇਮਾਨਦਾਰ ਰਾਜਨੀਤੀ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਆਮ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਨੂੰ ਹੋਰ ਵੱਧ ਜੋਸ਼ ਅਤੇ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਲਾਕੇ ਦੇ ਵਿਕਾਸ ਲਈ ਟੀਮ ਵਜੋਂ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਲੋਕਾਂ ਦੀ ਹਰ ਉਮੀਦ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਜਿੱਤ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਆਗੂ, ਵਰਕਰ, ਨੌਜਵਾਨ ਅਤੇ ਵਾਰਡ ਨਿਵਾਸੀ ਹਾਜ਼ਰ ਰਹੇ। ਸਮਰਥਕਾਂ ਵੱਲੋਂ ਜੇਤੂ ਉਮੀਦਵਾਰ ਮਨਦੀਪ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਦੀਪਾ ਸ਼ਰਮਾ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।