ਸੀਟੀ ਯੂਨੀਵਰਸਿਟੀ ਬਣਿਆ ਓਵਰਆਲ ਚੈਂਪੀਅਨ
ਸੀਟੀ ਯੂਨੀਵਰਸਿਟੀ ਨੇ ਖੇਡਾਂ ਦੇ
Publish Date: Fri, 15 May 2026 03:37 PM (IST)
Updated Date: Sat, 16 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ’ਚ ਇਕ ਵਾਰ ਫ਼ਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਤਿਸ਼ਠਿਤ ਏਆਈਯੂ ਆਲ ਇੰਡੀਆ ਇੰਟਰ ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ 2026 ’ਚ ਵੱਡੀ ਉਪਲਬਧੀ ਹਾਸਲ ਕੀਤੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਯੂਨੀਵਰਸਿਟੀ ਆਫ਼ ਕਸ਼ਮੀਰ ਵੱਲੋਂ ਕੀਤਾ ਗਿਆ ਸੀ। ਇਸ ਮੁਕਾਬਲੇ ਵਿਚ ਦੇਸ਼ ਭਰ ਦੀਆਂ ਲਗਭਗ 185 ਯੂਨੀਵਰਸਿਟੀਆਂ ਅਤੇ 1600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ, ਜਿਸ ਨਾਲ ਇਹ ਭਾਰਤ ਦੀਆਂ ਸਭ ਤੋਂ ਵੱਡੀਆਂ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ’ਚੋਂ ਇਕ ਬਣ ਗਿਆ। ਸੀਟੀ ਯੂਨੀਵਰਸਿਟੀ ਦੇ ਵੁਸ਼ੂ ਖਿਡਾਰੀਆਂ ਨੇ ਜਜ਼ਬੇ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਜਿੱਤੇ ਅਤੇ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਪੁਰਸ਼ ਵਰਗ ਵਿਚ ਸੀਟੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੋਕੇਸ਼ ਨੇ 48 ਕਿੱਲੋਗ੍ਰਾਮ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਸਾਗਰ ਨੇ 56 ਕਿੱਲੋਗ੍ਰਾਮ ਭਾਰ ਵਰਗ ਵਿਚ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸਈਦ ਮੁਹੰਮਦ ਅਲੀ ਰਊਫ਼ ਸ਼ਾਹ ਨੇ 70 ਕਿੱਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਮੁਕਾਬਲਿਆਂ ਤੋਂ ਬਾਅਦ ਸੋਨੇ ਦਾ ਤਗਮਾ ਹਾਸਲ ਕੀਤਾ। ਧੀਰਜ ਨੇ 85 ਕਿੱਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਲੜਾਕੂ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਆਧਾਰ ’ਤੇ ਸੀਟੀ ਯੂਨੀਵਰਸਿਟੀ ਨੂੰ ਵੁਸ਼ੂ ਸਾਂਡਾ ਪੁਰਸ਼ ਵਰਗ ਵਿਚ ਓਵਰਆਲ ਚੈਂਪੀਅਨ ਘੋਸ਼ਿਤ ਕੀਤਾ ਗਿਆ, ਜੋ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਜਿਸ ਨਾਲ ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ ਦੀ ਮਜ਼ਬੂਤ ਪਛਾਣ ਹੋਰ ਮਜ਼ਬੂਤ ਹੋਈ ਹੈ। ਮਹਿਲਾ ਵਰਗ ਵਿਚ ਵੀ ਸੀਟੀ ਯੂਨੀਵਰਸਿਟੀ ਦੀ ਖਿਡਾਰਨ ਸੋਨੀਆ ਨੇ 45 ਕਿੱਲੋਗ੍ਰਾਮ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ। ਇਹ ਉਪਲੱਬਧੀ ਯੂਨੀਵਰਸਿਟੀ ਦੀਆਂ ਮਹਿਲਾ ਖਿਡਾਰੀਆਂ ਦੀ ਵਧਦੀ ਪ੍ਰਤਿਭਾ ਅਤੇ ਕਾਬਲੀਅਤ ਨੂੰ ਦਰਸਾਉਂਦੀ ਹੈ। ਯੂਨੀਵਰਸਿਟੀ ਪ੍ਰਬੰਧਨ ਨੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਅਤੇ ਡਾਇਰੈਕਟਰ ਡੀਐੱਸਡਬਲਯੂ ਇੰਜੀ. ਦਵਿੰਦਰ ਸਿੰਘ ਵੱਲੋਂ ਦਿੱਤੇ ਗਏ ਲਗਾਤਾਰ ਮਾਰਗਦਰਸ਼ਨ ਅਤੇ ਹੌਂਸਲਾ ਅਫ਼ਜ਼ਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਸਹਿਯੋਗ ਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਉਪਲੱਬਧੀ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੀਟੀ ਯੂਨੀਵਰਸਿਟੀ ਹਮੇਸ਼ਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰਦੀ ਆ ਰਹੀ ਹੈ ਅਤੇ ਇਹ ਜਿੱਤਾਂ ਯੂਨੀਵਰਸਿਟੀ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਤਿਭਾਵਾਂ ਨੂੰ ਨਿਖਾਰਣ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ’ਚ ਭਾਗ ਲੈਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ’ਤੇ ਸਪੋਰਟਸ ਹੈੱਡ ਗੁਰਦੀਪ ਸਿੰਘ ਨੇ ਖਿਡਾਰੀਆਂ ਦੀ ਅਣਥਕ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਪੂਰੇ ਅਨੁਸ਼ਾਸਨ ਅਤੇ ਸਮਰਪਣ ਨਾਲ ਤਿਆਰੀ ਕੀਤੀ, ਜਿਸ ਦਾ ਨਤੀਜਾ ਇਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਵਜੋਂ ਸਾਹਮਣੇ ਆਇਆ। ਉਨ੍ਹਾਂ ਨੇ ਵਿਦਿਆਰਥੀ ਖਿਡਾਰੀਆਂ ਨੂੰ ਵਿਸ਼ਵ-ਪੱਧਰੀ ਖੇਡ ਸਹੂਲਤਾਂ, ਮਾਹਿਰ ਕੋਚਿੰਗ ਅਤੇ ਲਗਾਤਾਰ ਪ੍ਰੇਰਣਾ ਦੇਣ ਲਈ ਯੂਨੀਵਰਸਿਟੀ ਪ੍ਰਬੰਧਨ ਦਾ ਵੀ ਧੰਨਵਾਦ ਕੀਤਾ।