ਲੰਮੀਆਂ ਲਾਈਨਾਂ ਤੋਂ ਬਚਣ ਲਈ ਤੁਰੰਤ ਬਣਾਓ ਆਭਾ ਆਈਡੀ- ਸਿਵਲ ਸਰਜਨ
ਭਗਵੰਤ ਸਿੰਘ ਮਾਨ ਮੁੱਖ ਮੰਤਰੀ
Publish Date: Tue, 19 May 2026 05:48 PM (IST)
Updated Date: Wed, 20 May 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿਹਤ ਵਿਭਾਗ ਮੋਗਾ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਨੇ ਕਿਹਾ ਕਿ ਜਿੱਥੇ ਜ਼ਿਲ੍ਹੇ ਦੀ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਵਧੀਆ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਇਸ ਇਲਾਜ ਲਈ ਇੱਕ ਹੋਰ ਕਦਮ ਵਧਾਉਂਦਿਆਂ ਇਸ ਇਲਾਜ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਯੋਜਨਾ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਡਾਕਟਰ ਅਸ਼ੋਕ ਸਿੰਗਲਾ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਓਪੀਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਤੁਰੰਤ ਆਭਾ ਆਈਡੀ ਬਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੀ ਆਭਾ ਆਈਡੀ ਬਨਾਉਣ ਨਾਲ ਮਰੀਜ਼ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜ਼ਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਜ਼ਰੂਰਤ ਨਹੀਂ ਰਹੇਗੀ ਕਿਉਂਕਿ ਸਬੰਧਤ ਡਾਕਟਰ ਇਹ ਸਾਰਾ ਡਾਟਾ ਆਭਾ ਆਈਡੀ ਤੋਂ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇਕ ਤੋਂ ਦੁਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗਜ਼ਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਬਿਹਤਰੀਨ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਸਮੇਂ ਰਿਪੋਰਟਾਂ ਦਾ ਬੋਝ ਚੁੱਕਣ ਤੋਂ ਮੁਕਤ ਹੋਣ ਲਈ ਆਭਾ ਆਈਡੀ ਜਰੂਰ ਬਣਾਓ, ਜੋ ਸਮੂਹ ਸਿਹਤ ਕੇਂਦਰ ਵਿਚ ਬਿਲਕੁਲ ਮੁਫ਼ਤ ਬਣਾਈ ਜਾ ਰਹੀਆਂ ਹਨ। ਆਭਾ ਆਈਡੀ ਦੇ ਫ਼ਾਇਦੇ ਬਾਰੇ ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦਫ਼ਤਰ ਸਿਵਲ ਸਰਜਨ ਮੋਗਾ ਨੇ ਦਸਿਆ ਕਿ ਇਸ ਆਭਾ ਆਈਡੀ ਦਾ ਫ਼ਾਇਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ ਵਿਚ ਪੁੱਜ ਕੇ ਉੱਥੇ ਲੱਗੇ ਕਿਊ ਆਰ ਕੋਡ ਨੂੰ ਸਕੈਨ ਕਰੋਗੇ ਤਾਂ ਬਿਨ੍ਹਾਂ ਲਾਈਨ ਵਿਚ ਸਮਾਂ ਖ਼ਰਾਬ ਕੀਤੇ ਤੁਹਾਡੀ ਪਰਚੀ ਕੱਟੀ ਜਾ ਸਕੇਗੀ, ਜਿਸ ਨਾਲ ਇਲਾਜ ਵਿਚ ਹੋਣ ਵਾਲੀ ਦੇਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।