ਸੀਪੀਆਈਐਮ ਵੱਲੋਂ ਜਥਾ ਮਾਰਚ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੀਪੀਆਈਐਮ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਤਨਾਮ ਸਿੰਘ ਵੜੈਚ ਇੰਚਾਰਜ਼ ਜ਼ਿਲ੍ਹਾ ਮੁਕਤਸਰ ਫਰੀਦਕੋਟ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਜੀਤ ਸਿੰਘ ਦੀ ਦੇਖਰੇਖ ’ਚ ਕਾਮਰੇਡ ਲਛਮਣ ਸਿੰਘ ਲੰਡੇ ਰੋਡੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਾਰਟੀ ਵੱਲੋਂ ਪੰਜਾਬ ’ਚ 11 ਮਾਰਚ ਤੋਂ 20 ਮਾਰਚ ਤੱਕ ਕੱਢੇ ਜਾ ਰਹੇ ਜਥਾ ਮਾਰਚ ਸਬੰਧੀ ਪਿੰਡਾਂ ’ਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀਆਂ ਨੇ ਦੱਸਿਆ ਕਿ ਇਹ ਜਥਾ 11 ਮਾਰਚ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨਾਲ ਸ਼ਹੀਦ ਹੋਏ ਜਗਤ ਸਿੰਘ ਸੁਰਸਿੰਘ ਵਾਲਾ ਦੇ ਪਿੰਡ ਸੁਰਸਿੰਘ ਵਾਲਾ (ਜ਼ਿਲ੍ਹਾ ਤਰਨਤਾਰਨ) ਤੋਂ ਚਲ ਕੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਇਸ ਜਥਾ ਮਾਰਚ ਦਾ ਮੁੱਖ ਮੰਤਵ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕ ਮਾਰੂ ਨਵੇਂ ਸੋਧ ਬਿੱਲ ਕਿਰਤ ਕਨੂੰਨਾਂ ਮਨਰੇਗਾ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿਲ ਅਤੇ ਅਮਰੀਕਾ ਨਾਲ ਵਪਾਰਕ ਸਮਝੌਤੇ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਅਤੇ ਇਸ ਸਬੰਧੀ ਸੀਪੀਆਈ ਐਮ ਵੱਲੋਂ ਮਿਤੀ 24 ਮਾਰਚ ਨੂੰ ਦਿੱਲੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਉੱਤੇ ਫਿਲਾਪ ਸਿੱਧ ਹੋਈ ਹੈ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 2022 ’ਚ ਲੋਕਾਂ ਨਾਲ ਕੀਤੇ ਵਾਅਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟ ਸੋਰਸ ਅਤੇ ਠੇਕੇ ਉੱਤੇ ਭਰਤੀ ਬੰਦ ਕਰਨ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦੇਣ ਰੇਤਾ ਬਜਰੀ ਸਸਤਾ ਕਰਨ ਭੂ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਵਖ ਵਖ ਵਿਭਾਗਾਂ ’ਚ ਖਾਲੀ ਅਸਾਮੀਆਂ ਨੂੰ ਭਰਨ ਔਰਤਾਂ ਨੂੰ 1000 ਰੁਪਏ ਹਰ ਮਹੀਨੇ ਦੇਣ ਬੁਢਾਪਾ ਅਤੇ ਵਿਧਵਾ ਪੈਨਸ਼ਨ 2500 ਰੁਪਏ ਮਹੀਨਾ ਕਰਨ ਆਦਿ ਜੋ ਗਰੰਟੀਆਂ ਦਿੱਤੀਆਂ ਸਨ ਕੋਈ ਵਾਧਾ ਪੂਰਾ ਨਹੀਂ ਕੀਤਾ ਅਤੇ ਉਨ੍ਹਾਂ ਕਿਹਾ ਸੀ ਕਿ ਪੰਜਾਬ ’ਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ ਵਿਚੋਂ ਚੱਲੇਗੀ ਅਤੇ ਹੁਣ ਲੋਕਾਂ ਨੂੰ ਆਪਣੀਆਂ ਮੰਗਾਂ ਲਈ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਅਤੇ ਸਰਕਾਰ ਗਰੀਬਾਂ ਦੀ ਬਾਂਹ ਫੜੇਗੀ ਪਰ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨਾਲੋਂ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਵੱਧ ਕੁਟਿਆ ਅਤੇ ਲੁੱਟਿਆ ਹੈ। ਆਮ ਆਦਮੀ ਸਰਕਾਰ ਨੇ ਅੱਜ ਤੱਕ ਕੇਵਲ ਭਾਸ਼ਣ ਅਤੇ ਇਸ਼ਤਿਹਾਰ ਦੇਣ ਦਾ ਕੰਮ ਕੀਤਾ ਹੈ ਤੇ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕੀਤੀ ਹੈ। ਇਸ ਮੌਕੇ ਪਾਰਟੀ ਜ਼ਿਲ੍ਹਾ ਸੈਕਟਰੀ ਕਾਮਰੇਡ ਅਸ਼ਵਨੀ ਕੁਮਾਰ ਤਹਿਸੀਲ ਸੈਕਟਰੀ ਕਾਮਰੇਡ ਸੁਖਦੇਵ ਸਿੰਘ ਤਹਿਸੀਲ ਮਲੋਟ ਦੇ ਸੈਕਟਰੀ, ਕਾਮਰੇਡ ਨੱਥੂ ਰਾਮ ਬਰਾਂਚ ਸ਼ਹਿਰੀ ਦੇ ਸੈਕਟਰੀ ਕਾਮਰੇਡ, ਰਾਜ ਕੁਮਾਰ ਪਾਰਟੀ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ, ਅਪਾਰ ਸੰਧੂ ਕਾਮਰੇਡ, ਤਰਸੇਮ ਲਾਲ ਕਾਮਰੇਡ ਤੇ ਕਾਮਰੇਡ ਹਰਵਿੰਦਰ ਪਾਲ ਹਾਜ਼ਰ ਸਨ।