ਗੁਰੂਸਰ ਵਿਖੇ ਰਾਤੋਂ-ਰਾਤ ਤਿੰਨ ਟ੍ਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ
ਗੁਰੂਸਰ ਵਿਖੇ ਰਾਤੋਂ-ਰਾਤ ਤਿੰਨ ਟ੍ਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ
Publish Date: Tue, 03 Mar 2026 04:39 PM (IST)
Updated Date: Tue, 03 Mar 2026 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡ ਗੁਰੂਸਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਖੇਤਾਂ ’ਚ ਲੱਗੇ ਤਿੰਨ ਬਿਜਲੀ ਟ੍ਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕਰ ਲਿਆ। ਇਸ ਘਟਨਾ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਕਣਕ ਦੀ ਫ਼ਸਲ ’ਤੇ ਵੀ ਸੰਕਟ ਮੰਡਰਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸ ਸਿੰਘ, ਮਹਿੰਦਰ ਸਿੰਘ ਨੰਬਰਦਾਰ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਗੁਰੂਸਰ-ਰੁਖਾਲਾ ਸੜਕ ਨਾਲ ਲੱਗਦੇ ਹਨ। ਅੱਜ ਸਵੇਰੇ ਜਦੋਂ ਉਹ ਖੇਤਾਂ ਵਿੱਚ ਗਏ ਤਾਂ ਵੇਖਿਆ ਕਿ ਟ੍ਰਾਂਸਫਾਰਮਰ ਖੰਭਿਆਂ ਤੋਂ ਹੇਠਾਂ ਸੁੱਟੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਿੰਨ ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਾ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ। ਕਿਸਾਨਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਨਹਿਰ ਬੰਦ ਪਈ ਹੈ ਅਤੇ ਦੂਜੇ ਪਾਸੇ ਟ੍ਰਾਂਸਫਾਰਮਰਾਂ ਦੀ ਚੋਰੀ ਕਾਰਨ ਟਿਊਬਵੈੱਲ ਬੰਦ ਹੋ ਗਏ ਹਨ। ਇਸ ਸਮੇਂ ਕਣਕ ਦੀ ਫ਼ਸਲ ਨੂੰ ਪਾਣੀ ਲਗਾਉਣਾ ਬਹੁਤ ਜ਼ਰੂਰੀ ਸੀ, ਪਰ ਬਿਜਲੀ ਨਾ ਹੋਣ ਕਾਰਨ ਸਿੰਚਾਈ ਅਸੰਭਵ ਹੋ ਗਈ ਹੈ, ਜਿਸ ਨਾਲ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਵੇਂ ਟ੍ਰਾਂਸਫਾਰਮਰ ਲਗਾਏ ਜਾਣ ਅਤੇ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।