ਐਡਵੋਕੇਟ ਜੀਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਜਮਹੂਰੀ ਲਹਿਰ ਦੇ ਆਗੂ ਐਡਵੋਕੇਟ ਐਨ.ਕੇ.ਜੀਤ ਦੀਆਂ ਅਸਥੀਆਂ ਨੂੰ ਲੈ ਕੇ ਪਹੁੰਚੇ ਕਾਫ਼ਲੇ ਦਾ ਇਨਕਲਾਬੀ ਨਾਹਰਿਆਂ ਨਾਲ ਸਵਾਗਤ।
Publish Date: Sun, 26 Apr 2026 05:05 PM (IST)
Updated Date: Mon, 27 Apr 2026 04:08 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਜਮਹੂਰੀ ਲਹਿਰ ਦੇ ਆਗੂ ਅਤੇ ਲੋਕ ਪੱਖੀ ਐਡਵੋਕੇਟ ਐਨ. ਕੇ. ਜੀਤ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਜਿਨਾਂ ਦੀਆਂ ਅਸਥੀਆਂ ਬਠਿੰਡੇ ਤੋਂ ਹੁਸੈਨੀਵਾਲਾ ਵਿਖੇ ਲਿਜਾਣ ਲਈ ਤੁਰੇ ਕਾਫ਼ਲੇ ਦਾ ਫ਼ਰੀਦਕੋਟ ਵਿਖੇ ਸਵਾਗਤ ਕੀਤਾ ਗਿਆ ਅਤੇ ਐਡਵੋਕੇਟ ਐਨ ਕੇ ਜੀਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਅਸਥੀਆਂ ਲੈ ਕੇ ਪਹੁੰਚੇ ਕਾਫ਼ਲੇ ਨੂੰ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕਾਮਰੇਡ ਬੂਟਾ ਸਿੰਘ, ਲੋਕ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਜਗਮੇਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੁਰਖ਼ ਲੀਹ ਦੇ ਸੰਪਾਦਕ ਪਵੇਲ ਕੁੱਸਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਕਾਲੀਆਂ ਦੀ ਸ਼ਹਿ ਤੇ ਹੋਏ ਲੜਕੀ ਅਗਵਾ ਕਾਂਡ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ ਸਜ਼ਾ ਦਿਵਾਉਣ ਲਈ ਸਭ ਤੋਂ ਪਹਿਲਾ ਐਡਵੋਕੇਟ ਐਨ ਕੇ ਜੀਤ ਅੱਗੇ ਆਏ। ਉਹ 14 ਸਾਲ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਰਹੇ ਅਤੇ ਆਪਣੀ ਜ਼ਿੰਗਦੀ ਦਾ ਲੰਬਾ ਸਮਾਂ ਲੋਕ ਲਹਿਰ ਨੂੰ ਦਿੱਤਾ। ਓਹਨਾਂ ਦੀ ਅਗਵਾਈ ਵਿੱਚ ਕਈ ਸੰਘਰਸ਼ ਲੜੇ ਗਏ। ਜਦੋਂ ਦੇਸ਼ ਵਿੱਚ ਲਗਾਤਾਰ ਲੋਕ ਵਿਰੋਧੀ ਨੀਤੀਆਂ ਕਰਕੇ ਲੋਕਾਂ ਦੀ ਜ਼ਿੰਦਗੀ ਮਾੜੀ ਹੋ ਰਹੀ ਹੈ। ਆਰਥਿਕ ਮੰਦੀ ਅਤੇ ਸਾਮਰਾਜੀ ਜੰਗਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਓਸ ਸਮੇਂ ਇਨਕਲਾਬੀ ਲਹਿਰ ਵਿੱਚੋਂ ਉਹਨਾਂ ਦਾ ਚਲੇ ਜਾਣਾ ਜਮਹੂਰੀ ਲਹਿਰ ਲਈ ਕਦੇ ਨਾ ਪੂਰਿਆਂ ਜਾਣ ਵਾਲਾ ਘਾਟਾ ਹੈ। ਉਹ ਸ਼ਹੀਦ ਭਗਤ ਸਿੰਘ ਹੋਰਾਂ ਦੇ ਰਾਹ ਦੇ ਹਾਮੀ ਸਨ ਉਹਨਾਂ ਦੀਆਂ ਅਸਥੀਆਂ ਨੂੰ ਸ਼ਹੀਦ ਭਗਤ ਹੋਰਾਂ ਦੀ ਬਣੀ ਸਮਾਧ ਕੋਲ ਸਤਲੁਜ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਕੁਲਵਿੰਦਰ ਬਿਹੀਲੇਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਵੀਰ ਗੰਧੜ, ਸੀ ਪੀ ਆਈ ਦੇ ਆਗੂ ਕਾਮਰੇਡ ਪ੍ਰੇਮ ਚਾਵਲਾ, ਵਿਚਾਰ ਮੰਚ ਦੇ ਆਗੂ ਕਾਮਰੇਡ ਕੁਲਦੀਪ ਸ਼ਰਮਾ, ਡਾਕਟਰ ਧਰਮਵੀਰ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂਬੜ ਭੰਨ, ਐਡਵੋਕੇਟ ਕਰਨਦੀਪ ਭੁੱਲਰ,ਖ਼ੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਪਾਲ ਨੰਗਲ,ਸਫ਼ਾਈ ਸੇਵਕ ਯੂਨੀਅਨ ਦੇ ਆਗੂ ਰਾਹੁਲਜਮਹੂਰੀ ਕਿਸਾਨ ਸਭਾ ਦੇ ਆਗੂ ਵੀਰਇੰਦਰਜੀਤ ਪੁਰੀ ਆਦਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਅਤੇ ਇਨਕਲਾਬੀ ਨਾਹਰਿਆਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ।