ਮੁਕਤਸਰ ਜ਼ਿਲ੍ਹੇ ’ਚ ਨਿਗਮ ਚੋਣਾਂ ’ਤੇ ਵਿਵਾਦ, ਵਿਰੋਧੀ ਧਿਰ ਵੱਲੋਂ ਧਾਂਦਲੀ ਦੇ ਦੋਸ਼; ਵਿਧਾਇਕ ਬੋਲੇ, ਹਾਰ ਸਵੀਕਾਰ ਕਰੋ
ਮੁਕਤਸਰ ਜ਼ਿਲ੍ਹੇ ’ਚ ਨਿਗਮ ਚੋਣਾਂ ’ਤੇ ਵਿਵਾਦ, ਵਿਰੋਧੀ ਧਿਰ ਵੱਲੋਂ ਧਾਂਦਲੀ ਦੇ ਦੋਸ਼; ਵਿਧਾਇਕ ਬੋਲੇ, ਹਾਰ ਸਵੀਕਾਰ ਕਰੋ
Publish Date: Fri, 29 May 2026 05:51 PM (IST)
Updated Date: Fri, 29 May 2026 05:53 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ’ਤੇ ਖੁੱਲ੍ਹ ਕੇ ਧਾਂਦਲੀ ਦੇ ਦੋਸ਼ ਲਗਾਏ ਹਨ, ਜਦਕਿ ‘ਆਪ’ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਗਿੱਦੜਬਾਹਾ ’ਚ ਕਾਂਗਰਸ ਨੇ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ, ਜਦਕਿ ਮੁਕਤਸਰ ’ਚ ਕਾਂਗਰਸ ਅਤੇ ਭਾਜਪਾ ਨੇ ਵਿਧਾਇਕ ਦੇ ਪੀਏ ਦੀ ਜਿੱਤ ਨੂੰ ਧਾਂਦਲੀ ਦੱਸ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਮਲੋਟ ’ਚ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਸੱਤਾ ਪੱਖ ’ਤੇ ਨਤੀਜੇ ਬਦਲਣ ਦੇ ਦੋਸ਼ ਲਗਾਏ। ਮੁਕਤਸਰ ਦੇ ਵਾਰਡ ਨੰਬਰ 16 ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਵਿੱਕੀ ਕੁਮਾਰ ਨੂੰ 406 ਵੋਟਾਂ ਨਾਲ ਜੇਤੂ ਐਲਾਨਣ ’ਤੇ ਹੰਗਾਮਾ ਹੋ ਗਿਆ। ਕਾਂਗਰਸ ਉਮੀਦਵਾਰ ਗੁਰਬਿੰਦਰ ਕੌਰ ਅਤੇ ਭਾਜਪਾ ਦੇ ਰਘੁਬੀਰ ਸਿੰਘ ਨੇ ਦੋਸ਼ ਲਗਾਇਆ ਕਿ ਵੋਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਹੋਈਆਂ ਸਨ। ਦੋਵਾਂ ਪਾਰਟੀਆਂ ਨੇ ਗਿਣਤੀ ਕੇਂਦਰ ’ਤੇ ਪ੍ਰਦਰਸ਼ਨ ਕਰਕੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸੱਤਾ ਪੱਖ ਨੇ ਧਾਂਦਲੀ ਕਰਕੇ ਆਪਣੇ ਉਮੀਦਵਾਰ ਜਿਤਾਏ ਹਨ। ਗਿੱਦੜਬਾਹਾ ’ਚ ਦੁਬਾਰਾ ਚੋਣਾਂ ਦੀ ਮੰਗ ਸਭ ਤੋਂ ਵੱਧ ਤਣਾਅ ਗਿੱਦੜਬਾਹਾ ’ਚ ਦੇਖਣ ਨੂੰ ਮਿਲਿਆ। ਇੱਥੇ ਕਾਂਗਰਸ ਨੇ ਪੂਰੀ ਵੋਟਾਂ ਦੀ ਗਿਣਤੀ ਨੂੰ ਫਰਜ਼ੀ ਦੱਸਦਿਆਂ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨਰਿੰਦਰ ਸਿੰਘ ਕਾਉਣੀ ਅਤੇ ਸਾਹਿਬ ਸਿੰਘ ਭੂੰਦੜ ਸਮੇਤ ਕਈ ਆਗੂਆਂ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੈਂਟਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਤਿੰਨ ਦਿਨਾਂ ਬਾਅਦ ਗਿਣਤੀ ਕਰਵਾਉਣਾ ਵੀ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸੀ ਆਗੂਆਂ ਨੇ ਐੱਸਡੀਐੱਮ ਅਤੇ ਡੀਸੀ ਨੂੰ ਮੰਗ ਪੱਤਰ ਦੇਣ ਦੀ ਗੱਲ ਕਹੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅਦਾਲਤ ਦਾ ਰੁਖ਼ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਰਾਹੀਂ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅੰਗੂਠੇ ਦੇ ਨਿਸ਼ਾਨ ਨਾਲ ਪਾਈਆਂ ਗਈਆਂ ਵੋਟਾਂ ਗਿਣਤੀ ਦੌਰਾਨ ਮਿਲੀਆਂ ਹੀ ਨਹੀਂ। ਕਈ ਬੈਲਟ ਪੇਪਰਾਂ ’ਤੇ ਨਾ ਤਾਂ ਦਸਤਖਤ ਸਨ ਅਤੇ ਨਾ ਹੀ ਸੀਰੀਅਲ ਨੰਬਰ, ਫਿਰ ਵੀ ਉਨ੍ਹਾਂ ਨੂੰ ਗਿਣਤੀ ’ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਾਅਲੀ ਦਸਤਖਤਾਂ ਵਾਲੀਆਂ ਵੋਟਾਂ ਦੀ ਗਿਣਤੀ ਕਰਕੇ ਧਾਂਦਲੀ ਨੂੰ ਅੰਜਾਮ ਦਿੱਤਾ ਗਿਆ ਹੈ। ‘ਆਪ’ ਵਿਧਾਇਕ ਦਾ ਪਲਟਵਾਰ ਕਾਂਗਰਸੀ ਵਰਕਰਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ਦੇ ਸਬੰਧ ’ਚ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ’ਚ ਧਾਂਦਲੀ ਕੀਤੇ ਜਾਣ ਦੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਜੇਕਰ ਕਾਂਗਰਸ ਨੂੰ ਲੱਗਦਾ ਹੈ ਕਿ ਚੋਣਾਂ ’ਚ ਧਾਂਦਲੀ ਹੋਈ ਹੈ ਅਤੇ ਦੁਬਾਰਾ ਚੋਣਾਂ ਹੋਣੀਆਂ ਚਾਹੀਦੀਆਂ ਹਨ, ਤਾਂ ਉਹ ਦੁਬਾਰਾ ਚੋਣਾਂ ਕਰਵਾ ਕੇ ਦੇਖ ਲੈਣ, ਕਿਉਂਕਿ ਹੁਣ ਤਾਂ ਕਾਂਗਰਸ ਪਾਰਟੀ ਨੂੰ ਦੋ ਸੀਟਾਂ ’ਤੇ ਜਿੱਤ ਮਿਲ ਗਈ ਹੈ, ਅਗਲੀ ਵਾਰ ਉਹ ਵੀ ਨਸੀਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੀ ਕਰਾਰੀ ਹਾਰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਗਿੱਦੜਬਾਹਾ ਦੇ ਵੋਟਰਾਂ ਦਾ ਫੈਸਲਾ ਹੈ, ਜੋ ਆਮ ਆਦਮੀ ਪਾਰਟੀ ਦੇ ਹੱਕ ’ਚ ਆਇਆ ਹੈ। ਮਲੋਟ ’ਚ ਸ਼ੋ੍ਮਣੀ ਅਕਾਲੀ ਦਲ ਦਾ ਦੋਸ਼, ਰੀ-ਕਾਊਂਟਿੰਗ ’ਤੇ ਵਿਵਾਦ ਮਲੋਟ ’ਚ ਸ਼ੋ੍ਮਣੀ ਅਕਾਲੀ ਦਲ ਨੇ ਸਰਕਾਰ ’ਤੇ ਨਤੀਜੇ ਬਦਲਵਾਉਣ ਦੇ ਦੋਸ਼ ਲਾਏ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਵਾਰਡ ਨੰਬਰ 13 ਅਤੇ 14 ’ਚ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਹਨ, ਪਰ ਪ੍ਰਸ਼ਾਸਨ ਵਾਰ-ਵਾਰ ਰੀ-ਕਾਊਂਟਿੰਗ (ਮੁੜ-ਗਿਣਤੀ) ਕਰਵਾ ਰਿਹਾ ਹੈ ਅਤੇ ਜਿੱਤ ਦੇ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਇਸ ਨੂੰ ਲੋਕਤੰਤਰੀ ਪ੍ਰਕਿਰਿਆ ਦਾ ਉਲੰਘਣ ਦੱਸਿਆ। ਹਾਲਾਂਕਿ, ਭਾਰੀ ਵਿਰੋਧ ਤੋਂ ਬਾਅਦ ਆਖਰਕਾਰ ਨਤੀਜੇ ਘੋਸ਼ਿਤ ਕਰ ਦਿੱਤੇ ਗਏ।