ਗਰਮੀ ’ਚ ਤਰਲ ਪਦਾਰਥਾਂ ਦਾ ਸੇਵਨ ਜ਼ਰੂਰੀ : ਸੰਤ ਰਿਸ਼ੀ ਰਾਮ
ਤੇਜ਼ ਗਰਮੀ ’ਚ ਤਰਲ ਪਦਾਰਥਾਂ ਦਾ ਸੇਵਨ ਜ਼ਰੂਰੀ : ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ
Publish Date: Sun, 24 May 2026 03:40 PM (IST)
Updated Date: Mon, 25 May 2026 04:01 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਗਰਮੀ ਅਤੇ ਲੂ ਦੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਹਾ ਕਿ ਇਸ ਤੇਜ਼ ਗਰਮੀ ਦੇ ਮੌਸਮ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ’ਤੇ ਗੰਭੀਰ ਅਸਰ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਾਅ ਲਈ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ। ਉਨ੍ਹਾਂ ਦੱਸਿਆ ਕਿ ਸਰੀਰ ਦਾ ਤਾਪਮਾਨ ਸੰਤੁਲਿਤ ਬਣਾਈ ਰੱਖਣ ਲਈ ਸਾਧਾਰਣ ਪਾਣੀ, ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ, ਜੂਸ ਅਤੇ ਓਆਰਐਸ ਦਾ ਘੋਲ ਬਹੁਤ ਲਾਭਕਾਰੀ ਹੈ। ਦੁਪਹਿਰ 12.00 ਵਜੇ ਤੋਂ 4.00 ਵਜੇ ਤੱਕ ਧੁੱਪ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਇਸ ਸਮੇਂ ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਉਨ੍ਹਾਂ ’ਤੇ ਗਰਮੀ ਦਾ ਅਸਰ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ। ਨਵਜਾਤ ਬੱਚੇ, ਗਰਭਵਤੀ ਮਹਿਲਾਵਾਂ, ਖੇਤਾਂ ਅਤੇ ਨਿਰਮਾਣ ਸਥਲਾਂ ’ਤੇ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ, ਫੁੱਟਪਾਥਾਂ ’ਤੇ ਰਹਿਣ ਵਾਲੇ ਲੋਕ, ਦਿਲ ਦੀ ਬਿਮਾਰੀ ਅਤੇ ਉੱਚ ਰਕਤਚਾਪ ਤੋਂ ਪੀੜਤ ਮਰੀਜ਼ ਅਤੇ ਮੋਟਾਪੇ ਨਾਲ ਪੀੜਤ ਲੋਕ ਲੂ ਅਤੇ ਗਰਮੀ ਦੀ ਚਪੇਟ ਵਿਚ ਜਲਦੀ ਆ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਘਰ ਨੂੰ ਠੰਢਾ ਰੱਖੋ, ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ, ਬਾਹਰ ਨਿਕਲਦੇ ਸਮੇਂ ਸਿਰ ਨੂੰ ਢੱਕ ਕੇ ਰੱਖੋ ਅਤੇ ਧੁੱਪ ਵਾਲਾ ਚਸ਼ਮਾ ਵਰਤੋਂ। ਉਨ੍ਹਾਂ ਇਹ ਵੀ ਕਿਹਾ ਕਿ ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਅਤੇ ਬਾਹਰ ਜਾਂਦੇ ਸਮੇਂ ਪਾਣੀ ਦੀ ਬੋਤਲ ਨਾਲ ਲੈ ਕੇ ਜਾਓ। ਤਲਿਆ ਹੋਇਆ, ਬਾਸੀ ਅਤੇ ਬਾਹਰ ਦਾ ਖਾਣਾ ਖਾਣ ਤੋਂ ਬਚੋ। ਤੇਜ਼ ਧੁੱਪ ਵਿਚ ਵੱਧ ਸਰੀਰਕ ਮਿਹਨਤ ਨਾ ਕਰੋ, ਸ਼ਰਾਬ, ਚਾਹ ਅਤੇ ਕਾਫ਼ੀ ਦਾ ਸੇਵਨ ਘੱਟ ਕਰੋ ਅਤੇ ਬੱਚਿਆਂ ਅਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨਾਂ ਵਿਚ ਇਕੱਲਾ ਨਾ ਛੱਡੋ। ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਹਾ ਕਿ ਗਰਮੀ ਨਾਲ ਸੰਬੰਧਿਤ ਕਿਸੇ ਵੀ ਸਿਹਤ ਸਮੱਸਿਆ ਹੋਣ ’ਤੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।