ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ਵਧਾਉਣ ’ਤੇ ਕਾਂਗਰਸ ਦਾ ਵਿਰੋਧ, ਲੋਕਾਂ ’ਤੇ ਮਹਿੰਗਾਈ ਦਾ ਹੋਰ ਬੋਝ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸੀ ਆਗੂਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰੀ ਨਹੀਂ ਉਤਰ ਰਹੀ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਆਮ ਜਨਤਾ ਦੀ ਜ਼ਿੰਦਗੀ ਮੁਸ਼ਕਿਲ ਬਣਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ (ਸਾਬਕਾ ਸਰਪੰਚ ਕਰੀਰਵਾਲੀ), ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ (ਸਾਬਕਾ ਸਰਪੰਚ ਮੜ੍ਹਾਕ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਤੇ ਂ ਸਾਬਕਾ ਬਲਾਕ ਸੰਮਤੀ ਮੈਂਬਰ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਵਾਈਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ ਕੋਠੇ ਹਵਾਨਾ) ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ (ਸਾਬਕਾ ਸਰਪੰਚ ਬਰਗਾੜੀ) ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ‘ਅੱਛੇ ਦਿਨਾਂ’ ਦੇ ਸੁਪਨੇ ਦਿਖਾਏ ਸਨ, ਪਰ ਅੱਜ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਘਰੇਲੂ ਗੈਸ ਦੀਆਂ ਕੀਮਤਾਂ ਅਤੇ ਉਪਲਬਧਤਾ ਨੂੰ ਲੈ ਕੇ ਆਮ ਲੋਕ ਪਰੇਸ਼ਾਨ ਹਨ। ਕਈ ਘਰਾਂ ਵਿਚ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਔਖਾ ਹੋ ਗਿਆ ਹੈ। ਇਸੇ ਦੌਰਾਨ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ ਲਗਭਗ 994 ਰੁਪਏ ਤੱਕ ਦਾ ਵੱਡਾ ਵਾਧਾ ਕਰਨਾ ਲੋਕਾਂ ਲਈ ਡਬਲ ਝਟਕਾ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਛੋਟੇ ਕਾਰੋਬਾਰਾਂ ਦੀ ਲਾਗਤ ਕਾਫ਼ੀ ਵਧੇਗੀ, ਜਿਸਦਾ ਸਿੱਧਾ ਅਸਰ ਆਮ ਲੋਕਾਂ ’ਤੇ ਪਵੇਗਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਅਚਾਨਕ ਅਤੇ ਵੱਡੇ ਪੱਧਰ ’ਤੇ ਕੀਮਤਾਂ ਵਿਚ ਵਾਧਾ ਕਦੇ ਨਹੀਂ ਦੇਖਿਆ ਗਿਆ। ਮਹਿੰਗਾਈ ਪਹਿਲਾਂ ਹੀ ਆਮ ਆਦਮੀ ਦੀ ਕਮਰ ਤੋੜ ਚੁੱਕੀ ਹੈ ਅਤੇ ਸਰਕਾਰ ਦੇ ਇਹ ਫ਼ੈਸਲੇ ਲੋਕਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ ਮੱਧ ਵਰਗ ਅਤੇ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਲਈ ਘਰੇਲੂ ਖ਼ਰਚੇ ਚਲਾਉਣਾ ਦਿਨੋਂ-ਦਿਨ ਮੁਸ਼ਕਿਲ ਬਣਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀਆਂ ਨੀਤੀਆਂ ਜਾਰੀ ਰਹੀਆਂ ਤਾਂ ਛੋਟੇ ਵਪਾਰੀ ਆਪਣੇ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹੋ ਸਕਦੇ ਹਨ, ਜਿਸ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ ਅਤੇ ਆਰਥਿਕਤਾ ’ਤੇ ਵੀ ਨਕਾਰਾਤਮਕ ਅਸਰ ਪਵੇਗਾ। ਕਾਂਗਰਸੀ ਆਗੂਆਂ ਨੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ਵਿਚ ਕੀਤਾ ਗਿਆ ਭਾਰੀ ਵਾਧਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।