6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ’ਤੇ ਮੁਜ਼ਾਹਰਾ
ਕਾਂਗਰਸ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ, 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ’ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Publish Date: Tue, 19 May 2026 07:54 PM (IST)
Updated Date: Wed, 20 May 2026 04:10 AM (IST)

ਧੱਕੇਸ਼ਾਹੀ ਅੱਗੇ ਨਹੀਂ ਝੁਕੇਗੀ ਕਾਂਗਰਸ : ਪ੍ਰਕਾਸ਼ ਸਿੰਘ ਭੱਟੀ ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਹੋਰ ਵੀ ਗਰਮਾਉਂਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਵਿਰੋਧ ਵਿਚ ਅੱਜ ਜੈਤੋ ਸ਼ਹਿਰ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਚੋਣ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਕਾਰਵਾਈ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਜੈਤੋ ਦੇ ਵੱਖ-ਵੱਖ ਬਾਜ਼ਾਰਾਂ, ਮੁੱਖ ਸੜਕਾਂ ਅਤੇ ਚੌਂਕਾਂ ਵਿਚ ਮਾਰਚ ਕਰਦਿਆਂ ‘ਆਪ’ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਤਿੱਖਾ ਰੋਸ ਜਤਾਇਆ। ‘ਲੋਕਤੰਤਰ ਬਚਾਓ, ‘ਧੱਕੇਸ਼ਾਹੀ ਬੰਦ ਕਰੋ’ ਅਤੇ ‘ਚੋਣ ਪ੍ਰਕਿਰਿਆ ਪਾਰਦਰਸ਼ੀ ਬਣਾਓ’ ਵਰਗੇ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਚੋਣਾਂ ਵਿਚ ਵਿਰੋਧੀ ਧਿਰ ਦੇ ਮਜ਼ਬੂਤ ਉਮੀਦਵਾਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਚੋਣ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-3 ਤੋਂ ਹਰਦੇਵ ਸਿੰਘ ਸਿੱਧੂ, ਵਾਰਡ ਨੰਬਰ-4 ਤੋਂ ਸੁਰਜੀਤ ਸਿੰਘ ਬਾਬਾ, ਵਾਰਡ ਨੰਬਰ-6 ਤੋਂ ਸਾਹਿਬ ਸਿੰਘ, ਵਾਰਡ ਨੰਬਰ-11 ਤੋਂ ਸੋਨੀਆ ਸ਼ਰਮਾ, ਵਾਰਡ ਨੰਬਰ-13 ਤੋਂ ਸ਼ਿਫਾਲੀ ਸਿੰਗਲਾ ਅਤੇ ਵਾਰਡ ਨੰਬਰ-14 ਤੋਂ ਪਰਵੀਨ ਕਾਂਤਾ ਮਿੱਤਲ ਦੇ ਨਾਮਜ਼ਦਗੀ ਪੱਤਰ ਰੱਦ ਕਰਨਾ ਇੱਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਅੱਗੇ ਕਦੇ ਵੀ ਝੁੱਕਣ ਵਾਲੀ ਨਹੀਂ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਰੱਦ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁੜ ਜਾਂਚ ਕੀਤੀ ਜਾਵੇ ਤਾਂ ਜੋ ਚੋਣ ਪ੍ਰਕਿਰਿਆ ’ਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਇਸ ਮੌਕੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਹਲਕਾ ਇੰਚਾਰਜ ਜੈਤੋ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਸਕੱਤਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ, ਸਾਬਕਾ ਕੌਂਸਲਰ ਵਿਕਾਸ ਸਿੰਗਲਾ ‘ਘੰਟੀ ਡੋਡ’, ਸਾਬਕਾ ਕੌਂਸਲਰ ਕਾਮਰੇਡ ਰਣਬੰੀਰ ਚੰਚ ਪੰਵਾਰ, ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕੈਰੋਂ, ਕਾਂਗਰਸੀ ਆਗੂ ਦਿਲਬਾਗ ਸ਼ਰਮਾ ਬਾਗੀ, ਹਰਵਿੰਦਰਪਾਲ ਕਾਲਾ ਸ਼ਰਮਾ ਜੈਤੋ, ਟੋਨੀ ਡੋਡ, ਹਰਦੇਵ ਸਿੰਘ ਸਿੱਧੂ, ਨਹਿਰੂ ਸਿੰਘ ਬਰਾੜ ਰੋੜੀਕਪੂਰਾ, ਰਾਜਬਿੰਦਰ ਸਿੰਘ ਭੁੱਲਰ ਰੋੜੀਕਪੂਰਾ ਆਦਿ ਹਾਜ਼ਰ ਸਨ।