ਤਿੰਨ ਡਰੇਨਾਂ ਦਾ ਸੰਗਮ ਬਣਿਆ ਮੁਸੀਬਤ, ਕਿਸਾਨਾਂ ਨੂੰ ਸਤਾ ਰਿਹਾ ਫ਼ਸਲਾਂ ਦੇ ਖ਼ਰਾਬੇ ਦਾ ਡਰ
ਤਿੰਨ ਡਰੇਨਾਂ ਦਾ ਸੰਗਮ ਬਣਿਆ ਮੁਸੀਬਤ; ਕਿਸਾਨਾਂ ਨੂੰ ਸਤਾ ਰਿਹਾ ਫ਼ਸਲਾਂ ਦੇ ਖ਼ਰਾਬੇ ਦਾ ਡਰ
Publish Date: Sun, 31 May 2026 03:34 PM (IST)
Updated Date: Sun, 31 May 2026 03:38 PM (IST)

ਬਲਕਰਨ ਸਿੰਘ ਜਟਾਣਾ, ਪੰਜਾਬੀ ਜਾਗਰਣ ਮਲੋਟ : ਜੂਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਮੌਨਸੂਨ ਦੀ ਦਸਤਕ ਨੇ ਪਿੰਡ ਮਿੱਡਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਸਾਲਾਂ ਦੌਰਾਨ ਹੋਏ ਭਾਰੀ ਆਰਥਿਕ ਨੁਕਸਾਨ ਨੂੰ ਦੇਖਦਿਆਂ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਡਰੇਨਾਂ ਦੀ ਤੁਰੰਤ ਸਫ਼ਾਈ ਅਤੇ ਲੈਵਲ ਸਹੀ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪਿੰਡ ਮਿੱਡਾ ਵਿਖੇ ਤਿੰਨ ਡਰੇਨਾਂ ਇਕੱਠੀਆਂ ਹੁੰਦੀਆਂ ਹਨ, ਪਰ ਅੱਗੇ ਡਰੇਨ ਦੀ ਚੌੜਾਈ ਘੱਟ ਹੋਣ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਪਾਉਂਦੀ। ਪਿਛਲੇ ਸਾਲਾਂ ਦੀ ਤਲਖ਼ ਹਕੀਕਤ ਪਿੰਡ ਤਾਮਕੋਟ, ਲੱਕੜ ਵਾਲਾ, ਰੱਤਾ ਖੇੜਾ, ਬੋਦੀ ਵਾਲਾ, ਮਿੱਡਾ, ਰਾਣੀ ਵਾਲਾ ਅਤੇ ਰੱਤਾ ਟਿੱਬਾ ਦੇ ਇਲਾਕਿਆਂ ’ਚ ਪਿਛਲੇ ਸਾਲ ਮੌਨਸੂਨ ਦੌਰਾਨ ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਸੀ। ਪਿੰਡ ਮਿੱਡਾ ਦਾ ਇਲਾਕਾ ਨੀਵਾਂ ਹੋਣ ਕਾਰਨ ਇੱਥੇ ਤਿੰਨਾਂ ਡਰੇਨਾਂ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਅਤੇ ਘਰਾਂ ’ਚ ਵੜ ਜਾਂਦਾ ਹੈ, ਜਿਸ ਨਾਲ ਕਣਕ ਅਤੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਆ ਰਿਹਾ ਹੈ। ਸਿਆਸੀ ਦੋਸ਼ ਤੇ ਮੌਜੂਦਾ ਸਥਿਤੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਇਸ ਵਾਰ ਪੂਰੀ ਤਰ੍ਹਾਂ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਡਰੇਨਾਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਬਣਾਈਆਂ ਗਈਆਂ ਸਨ, ਜਿਸ ਕਾਰਨ ਕਈ ਮੋੜ ਪੈ ਗਏ ਅਤੇ ਪਾਣੀ ਰੁਕਦਾ ਹੈ। ਇਸ ਵਾਰ ਅਸੀਂ ਸਮੇਂ ਤੋਂ ਪਹਿਲਾਂ ਹੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਹਿਰਾਜ ਵਾਲਾ ਡਰੇਨ ਦੀ ਸਫ਼ਾਈ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਬਾਕੀ ਸ਼ਾਖਾਵਾਂ ਦੀ ਸਫ਼ਾਈ ਵੀ ਜਲਦ ਸ਼ੁਰੂ ਹੋ ਜਾਵੇਗੀ। ਸਰਵਣ ਸਿੰਘ ਸਰਪੰਚ ਮਿੱਡਾ ਨੇ ਕਿਹਾ ਕਿ ਮਹਿਰਾਜ ਵਾਲਾ ਡਰੇਨ ਦੀ ਸਫ਼ਾਈ ਤਾਂ ਚੱਲ ਰਹੀ ਹੈ, ਪਰ ਰੱਤਾ ਖੇੜਾ ਅਤੇ ਬੋਦੀ ਵਾਲਾ ਤੋਂ ਆਉਂਦੀਆਂ ਸ਼ਾਖਾਵਾਂ ਅਜੇ ਵੀ ਗੰਦਗੀ ਨਾਲ ਭਰੀਆਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਡਰੇਨਾਂ ਦਾ ਲੈਵਲ ਸਹੀ ਕੀਤਾ ਜਾਵੇ ਅਤੇ ਮਿੱਡਾ ਪਿੰਡ ਵਿੱਚੋਂ ਪਾਣੀ ਕੱਢਣ ਲਈ ਪੱਕੀਆਂ ਮੋਟਰਾਂ ਦਾ ਪ੍ਰਬੰਧ ਕੀਤਾ ਜਾਵੇ। ਬਲਜੀਤ ਸਿੰਘ ਬਰਾੜ ਪਿੰਡ ਬੋਦੀਵਾਲਾ ਨੇ ਕਿਹਾ ਕਿ ਸਾਡੇ ਪਿੰਡ ’ਚ ਡਰੇਨ ਦੇ ਕਿਨਾਰੇ ਬਹੁਤ ਕਮਜ਼ੋਰ ਹਨ। ਸਫ਼ਾਈ ਨਾ ਹੋਣ ਕਾਰਨ ਪਾਣੀ ਖੇਤਾਂ ਅਤੇ ਘਰਾਂ ’ਚ ਵੜ ਜਾਂਦਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਹੈ ਕਿ ਕਿਨਾਰਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾਵੇ। ਸੰਜੋਤ ਸਿੰਘ ਖਹਿਰਾ ਸਰਪੰਚ, ਰੱਤਾ ਟਿੱਬਾ ਨੇ ਕਿਹਾ ਕਿ ਪਿੱਛੋਂ ਤਿੰਨ ਡਰੇਨਾਂ ਦਾ ਪਾਣੀ ਇਕੱਠਾ ਹੋਣ ਕਾਰਨ ਰੱਤਾ ਟਿੱਬਾ ਆ ਕੇ ਡਰੇਨ ਪੂਰੀ ਤਰ੍ਹਾਂ ਭਰ ਜਾਂਦੀ ਹੈ। ਕਿਨਾਰੇ ਨੀਵੇਂ ਹੋਣ ਕਾਰਨ ਇੱਥੇ ਹਰ ਸਾਲ ਰਕਬਾ ਜਲ-ਥਲ ਹੋ ਜਾਂਦਾ ਹੈ। ਕੈਬਨਿਟ ਮੰਤਰੀ ਤੋਂ ਵੱਡੀਆਂ ਉਮੀਦਾਂ ਇਲਾਕਾ ਨਿਵਾਸੀਆਂ ਨੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਗੁਹਾਰ ਲਗਾਈ ਹੈ ਕਿ ਉਹ ਖੁਦ ਇਸ ਮਾਮਲੇ ’ਚ ਦਖਲ ਦੇਣ। ਲੋਕਾਂ ਦੀ ਮੰਗ ਹੈ ਕਿ ਡਰੇਨਾਂ ਦੀ ਚੌੜਾਈ ਵਧਾਈ ਜਾਵੇ, ਕਮਜ਼ੋਰ ਕਿਨਾਰਿਆਂ ਦੀ ਮੁਰੰਮਤ ਕੀਤੀ ਜਾਵੇ ਅਤੇ ਮੌਨਸੂਨ ਦੇ ਭਾਰੀ ਮੀਂਹਾਂ ਤੋਂ ਪਹਿਲਾਂ-ਪਹਿਲਾਂ ਸਫ਼ਾਈ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਮਾਰ ਤੋਂ ਬਚਾਇਆ ਜਾ ਸਕੇ।