ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਡਾ. ਢਿੱਲੋਂ ਦੀ ਟੀਮ ਦੇ ਉਪਰਾਲੇ ਪ੍ਰਸ਼ੰਸਾਯੋਗ : ਸਪੀਕਰ ਸੰਧਵਾਂ
ਬੱਚਿਆਂ ਅਤੇ ਨੌਜਵਾਨਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਡਾ. ਢਿੱਲੋਂ ਦੀ ਟੀਮ ਦੇ ਉਪਰਾਲੇ ਪ੍ਰਸੰਸਾਯੋਗ : ਸਪੀਕਰ ਸੰਧਵਾਂ
Publish Date: Sat, 30 May 2026 04:01 PM (IST)
Updated Date: Sat, 30 May 2026 04:02 PM (IST)

- 12ਵੀਂ ਦੀ ਪੰਜਾਬ ਮੈਰਿਟ ਸੂਚੀ ’ਚ ਨਾਂ ਦਰਜ ਕਰਵਾਉਣ ਵਾਲੇ ਬੱਚੇ ਸਨਮਾਨਿਤ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਕੋਟਕਪੂਰਾ : ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਹਿਣ ਵਾਲੇ ਡਾ. ਮਨਜੀਤ ਸਿੰਘ ਢਿੱਲੋਂ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸੋਚ ਅਤੇ ਮਕਸਦ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਸ਼ਲਾਘਾਯੋਗ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਦੇ ਗੁੱਡ ਮੌਰਨਿੰਗ ਕਲੱਬ ਅਤੇ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵੱਲੋਂ ਰੱਖੇ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਰੇ ਬੱਚੇ ਅਤੇ ਨੌਜਵਾਨ ਜੇਕਰ ਦਿ੍ਰੜ ਇਰਾਦਾ ਕਰ ਲੈਣ ਕਿ ਉਹਨਾ ਨੇ ਵੱਡੇ ਅਫਸਰ ਬਣਨਾ ਹੈ ਤਾਂ ਕੁਝ ਵੀ ਔਖਾ ਜਾਂ ਅਸੰਭਵ ਨਹੀਂ। ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੇਰੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਹਨਾ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹੁੰਦੇ ਸਨ ਪਰ ਅੱਜ ਪੰਜਾਬ ਵਿੱਚ ਦੂਜੇ ਰਾਜਾਂ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਆਦਿਕ ਅਧਿਕਾਰੀਆਂ ਦੀ ਬਹੁਤਾਤ ਹੈ। ਮੈਂ ਆਪਣੇ ਵਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ-ਨਾਲ ਡਾਕਟਰ, ਡਿਫੈਂਸ ਅਫਸਰ, ਆਰਕੀਟੈਕਟ, ਨਾਟਾ, ਕਲੈਟ/ਜੱਜ ਟੇ੍ਰਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾ ਰਿਹਾ ਹਾਂ, ਕਿਉਂਕਿ ਮੇਰਾ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਾਲਾ ਕੰਪਲੈਕਸ ਲਗਭਗ 7 ਏਕੜ ਵਿੱਚ ਬਣਿਆ ਹੋਇਆ ਹੈ, ਜਿੱਥੇ ਉਕਤ ਕੋਰਸ ਆਰਾਮ ਨਾਲ ਕਰਵਾਏ ਜਾ ਸਕਦੇ ਹਨ। ਇਹ ਸੰਸਥਾ ਪੰਜਾਬ ਹੀ ਨਹੀਂ, ਬਲਕਿ ਐਨੇ ਖੁੱਲੇ ਚੌੜੇ ਖੇਤਰਫਲ ਵਿੱਚ ਉੱਤਰੀ ਭਾਰਤ ਦੀ ਇਹ ਪਹਿਲੀ ਸੰਸਥਾ ਹੋਵੇਗੀ। ਮੈਨੇਜਿੰਗ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੋਕਰ ਨੇ ਵਿਸਥਾਰ ਵਿੱਚ ਸਮਝਾਉਂਦਿਆਂ ਦੱਸਿਆ ਕਿ ਦਿੱਲੀ, ਚੰਡੀਗੜ੍ਹ ਅਤੇ ਕੋਟਾ ਵਰਗੇ ਮਹਾਂਨਗਰਾਂ ਵਿੱਚ ਮਿਲਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਕੋਚਿੰਗ ਦੀ ਸਹੂਲਤ ਹੁਣ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਿਖੇ ਮਿਲੇਗੀ। ਵਿਜਡਮ ਕੋਟਾ ਕਲਾਸਿਜ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਵਰਮਾ ਨੇ ਵਿਸਥਾਰ ’ਚ ਸਮਝਾਉਂਦਿਆਂ ਦੱਸਿਆ ਕਿ ਅਕਸਰ ਇਸ ਇਲਾਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਅਤੇ ਕੋਚਿੰਗ ਲਈ ਦੂਰ-ਦੁਰਾਡੇ ਇਲਾਕਿਆਂ ਵਿੱਚ ਭੇਜਣ ਤੋਂ ਕਤਰਾਉਂਦੇ ਸਨ, ਜਿਸ ਕਰਕੇ ਉਹਨਾ ਬੇਟੀਆਂ ਦੀਆਂ ਆਸਾਂ-ਉਮੀਦਾਂ ਢਹਿ-ਢੇਰੀ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਲੜਕੀਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਉਹਨਾ ਨੂੰ ਆਪਣਾ ਕੈਰੀਅਰ ਨਿਰਧਾਰਤ ਕਰਨ ਲਈ ਯੋਗ ਮਾਰਗ ਦਰਸ਼ਨ ਨਹੀਂ ਸੀ ਮਿਲਦਾ। ਉਹਨਾ ਦੱਸਿਆ ਕਿ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਪਾਸ ਕਰਨ ਦੇ ਨਾਲ ਨਾਲ ਪ੍ਰੰਪਰਿਕ ਪੜਾਈ ਦੇ ਬਰਾਬਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਪ੍ਰਬੰਧ ਹੋਵੇਗਾ ਅਤੇ ਇਸ ਵਾਸਤੇ ਫੀਸਾਂ ਵੀ ਵੱਡੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਹੋਣਗੀਆਂ। ਉਹਨਾਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾ ਲਈ ਵੀ ਬਕਾਇਦਾ ਸਹੂਲਤ ਮਿਲੇਗੀ। ਉਹਨਾ ਹੈਰਾਨੀ ਪ੍ਰਗਟਾਈ ਕਿ ਅਕਸਰ ਲੋਕ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਕਿਸੇ ਨਿੱਜੀ ਸਕੂਲ ਵਿੱਚ ਡੰਮੀ ਦਾਖਲਾ ਕਰਵਾ ਕੇ ਨੀਟ ਅਤੇ ਜੇ.ਈ.ਈ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਡੇ ਸ਼ਹਿਰਾਂ ਵਿੱਚ ਭੇਜ ਦਿੰਦੇ ਹਨ, ਜਿਸ ਨਾਲ ਉਹਨਾ ਦੀ ਪ੍ਰੰਪਰਿਕ ਪੜਾਈ ਅਧੂਰੀ ਰਹਿ ਜਾਣ ਕਾਰਨ ਉਹਨਾ ਨੂੰ ਵਿਸ਼ੇ ਦਾ ਪੂਰਨ ਗਿਆਨ ਨਹੀਂ ਮਿਲਦਾ। ਉਹਨਾ ਆਖਿਆ ਕਿ ਦੇਸ਼ ਭਰ ਵਿੱਚ ਇਹ ਸੰਸਥਾ ਸਭ ਤੋਂ ਸਸਤੀ ਹੋਵੇਗੀ, ਇਸ ਵਿੱਚ ਪੜਾਈ ਦਾ ਮਿਆਰ ਉੱਚ ਪੱਧਰ ਦਾ ਹੋਵੇਗਾ, ਕਿਉਂਕਿ ਇਸ ਸੰਸਥਾ ਵਿੱਚ ਸ਼ਾਨਦਾਰ ਆਧੁਨਿਕ ਲੈਬ ਹੋਣਗੀਆਂ, ਜੋ ਕਿ ਹੋਰਨਾਂ ਕੋਚਿੰਗ ਸੈਂਟਰਾਂ ਵਿੱਚ ਨਹੀਂ ਹੁੰਦੀਆਂ। ਇਸ ਵਿੱਚ ਪੜਾਈ ਸ਼ਾਨਦਾਰ ਅਤੇ ਸੌਖੀ ਹੋਵੇਗੀ, ਕਿਉਂਕਿ ਕੋਚਿੰਗ ਦੇਣ ਲਈ ਬਹੁਤ ਹੀ ਤਜਰਬੇਕਾਰ ਅਤੇ ਕਾਬਲ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਮੈਡਮ ਅਮਨਦੀਪ ਕੌਰ ਨੇ ਦਾਅਵਾ ਕੀਤਾ ਕਿ ਉਕਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਹਨਾ ਦਾ ਮਕਸਦ ਰੁਜਗਾਰ ਲਈ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੀ ਨੌਜਵਾਨ ਸ਼ਕਤੀ ਨੂੰ ਸਹੀ ਮਾਰਗ ਦਰਸ਼ਨ ਦੇ ਕੇ ਉੱਚੇ ਅਹੁਦਿਆਂ ਦੇ ਕਾਬਲ ਬਣਾਉਣਾ ਹੈ ਤਾਂ ਜੋ ਉਹ ਵਿਦੇਸ਼ ਜਾਣ ਦੀ ਸੋਚ ਤਿਆਗ ਦੇਣ। ਉਹਨਾਂ ਅੰਕੜਿਆਂ ਸਹਿਤ ਵਿਸਥਾਰ ਵਿੱਚ ਸਮਝਾਉਂਦਿਆਂ ਦੱਸਿਆ ਕਿ ਵਿਦੇਸ਼ ਜਾਣ ਨਾਲ ਪੰਜਾਬ ਦਾ ਸਰਮਾਇਆ, ਜਵਾਨੀ ਅਤੇ ਹੁਨਰ ਤੋਂ ਪੰਜਾਬ ਦੀ ਧਰਤੀ ਵਾਂਝੀ ਹੁੰਦੀ ਜਾ ਰਹੀ ਹੈ, ਜਦਕਿ ਹੋਰਨਾ ਰਾਜਾਂ ਦੇ ਕਲਾਸ-1 ਅਫਸਰ ਪੰਜਾਬ ਦੇ ਪ੍ਰਮੁੱਖ ਅਹੁਦਿਆਂ ’ਤੇ ਬਿਰਾਜਮਾਨ ਹੋਣ ਨਾਲ ਵੀ ਪੰਜਾਬ ਦਾ ਕਰੋੜਾਂ-ਅਰਬਾਂ ਰੁਪਏ ਦਾ ਸਰਮਾਇਆ ਹੋਰਨਾ ਰਾਜਾਂ ਨੂੰ ਤਨਖਾਹ ਦੇ ਰੂਪ ਵਿੱਚ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਆਖਿਆ ਕਿ ਜੇਕਰ ਪੰਜਾਬ ਦੇ ਹੋਣਹਾਰ ਲੜਕੇ-ਲੜਕੀਆਂ ਕਲਾਸ-1 ਵਾਲੇ ਉਚ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ਤਾਂ ਜਿੱਥੇ ਵਿਦੇਸ਼ ਜਾਣ ਦੀ ਲਾਲਸਾ ਖਤਮ ਹੋ ਜਾਵੇਗੀ, ਉੱਥੇ ਆਰਥਿਕ ਪੱਖੋਂ ਪੰਜਾਬ ਵੀ ਖੁਸ਼ਹਾਲ ਹੋ ਜਾਵੇਗਾ। ਸਨਮਾਨ ਸਮਾਰੋਹ ਨੂੰ ਰੋਚਕ ਅਤੇ ਦਿਲਚਸਪ ਬਣਾਉਣ ਲਈ ਪ੍ਰਸਿੱਧ ਭੰਗੜਾ ਕੋਚ ਦਿਲਪ੍ਰੀਤ ਬੱਬੂ ਦੀ ਟੀਮ ਨੇ ਗਿੱਧਾ, ਭੰਗੜਾ ਅਤੇ ਕੋਰੀਓਗ੍ਰਾਫੀ ਰਾਹੀਂ ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਦਿੱਤਾ। ਪੋ੍ਜੈਕਟ ਇੰਚਾਰਜਾਂ ਪੋ੍ ਐਚ ਐਸ ਪਦਮ, ਲੈਕ. ਮੁਖਤਿਆਰ ਸਿੰਘ ਮੱਤਾ ਅਤੇ ਮਾ. ਸੋਮਨਾਥ ਅਰੋੜਾ ਨੇ ਦੱਸਿਆ ਕਿ ਗਿੱਧਾ ਅਤੇ ਭੰਗੜਾ ਟੀਮਾ ਦਾ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਅਤੇ ਹੋਰ ਸ਼ਖਸ਼ੀਅਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦੀ ਸਮੁੱਚੀ ਟੀਮ ਦਾ ਵੀ ਭਰਪੂਰ ਸਹਿਯੋਗ ਰਿਹਾ।