ਭਾਰਤੀ ਕਮਿਊਨਿਸਟ ਪਾਰਟੀ ਨੇ ਮਨਾਇਆ ਲੈਨਿਨ ਦਾ ਜਨਮ ਦਿਨ
ਭਾਰਤੀ ਕਮਿਊਨਿਸਟ ਪਾਰਟੀਭਾਰਤੀ ਕਮਿਊਨਿਸਟ ਪਾਰਟੀਭਾਰਤੀ ਕਮਿਊਨਿਸਟ ਪਾਰਟੀ
Publish Date: Thu, 23 Apr 2026 03:32 PM (IST)
Updated Date: Thu, 23 Apr 2026 03:34 PM (IST)

ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ ਮੋਗਾ: ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵੱਲੋਂ ਲੈਨਿਨ ਦੇ ਜਨਮ ਦਿਨ ਤੋਂ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਤੱਕ ਪੰਦਰਵਾੜੇ ਦੀ ਸ਼ੁਰੂਆਤ ਸਿਧਾਂਤਕ ਵਿਚਾਰ ਚਰਚਾ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਰਕੇ ਕੀਤੀ ਗਈ। ਇਸ ਸਿਧਾਂਤਕ ਵਿਚਾਰ ਚਰਚਾ ਦੀ ਪ੍ਰਧਾਨਗੀ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਲੈਨਿਨ ਦੇ ਜਨਮ ਦਿਨ ’ਤੇ ਅਸੀਂ ਇਸ ਪੰਦਰਵਾੜੇ ਦੀ ਸ਼ੁਰੂਆਤ ਕਰ ਰਹੇ ਹਾਂ ਅੱਜ ਤੋਂ ਲੈ ਕੇ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਬਲਾਕਾਂ ਵਿਚ ਇਹ ਸਿਧਾਂਤਕ ਵਿਚਾਰ ਚਰਚਾਵਾਂ ਲਗਾਤਾਰ ਕੀਤੀਆਂ ਜਾਣਗੀਆਂ। ਉਨ੍ਹਾਂ ਆਏ ਹੋਏ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਪਿੰਡਾਂ ਵਿਚ ਬਲਾਕਾਂ ਵਿਚ ਇਨ੍ਹਾਂ ਸਿਧਾਂਤਕ ਸਕੂਲਾਂ ਦੀ ਸ਼ੁਰੂਆਤ ਕਰੀਏ। ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਇੰਦਰਵੀਰ ਗਿੱਲ ਜ਼ਿਲ੍ਹਾ ਮੀਤ ਸਕੱਤਰ ਨੇ ਲੈਨਿਨ ਦੀ ਜੀਵਨੀ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸੰਸਾਰ ਪ੍ਰਸਿੱਧ ਮਾਰਕਸਵਾਦੀ ਦਾਰਸ਼ਨਿਕ ਅਤੇ ਸਮਾਜਵਾਦੀ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਵਲਾਦੀਮੀਰ ਇਲੀਇਚ ਲੈਨਿਨ ਦਾ 156ਵਾਂ ਜਨਮਦਿਨ ਹੈ। ਸੰਸਾਰ ਭਰ ਵਿਚ ਸਮੁੱਚਾ ਮਜ਼ਦੂਰ ਵਰਗ ਹਰ ਵਰ੍ਹੇ ਉਸ ਨੂੰ ਯਾਦ ਕਰਦਾ ਹੈ। ਆਗੂ ਜਿਸ ਨੇ ਜ਼ੁਲਮ ਅਤੇ ਸ਼ੋਸ਼ਣ ਦੇ ਖ਼ਿਲਾਫ਼ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਕਿਹਾ ਕਿ ਅਕਤੂਬਰ ਸਮਾਜਵਾਦੀ ਇਨਕਲਾਬ ਨੇ ਮਨੁੱਖੀ ਇਤਿਹਾਸ ਵਿਚ ਨਾ ਸਿਰਫ਼ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸਗੋਂ ਦੁਨੀਆਂ ਭਰ ਵਿਚ ਮਜ਼ਦੂਰ ਜਮਾਤ ਨੂੰ ਆਪਣੇ ਹਿਤਾਂ ਅਤੇ ਹੱਕਾਂ ਵਾਸਤੇ ਸੰਘਰਸ਼ ਦੇ ਨਾਲ ਨਾਲ ਕੌਮੀ ਆਜ਼ਾਦੀ ਘੋਲਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਤਾਕਤ ਦਿੱਤੀ। ਇਸ ਸਿਧਾਂਤਕ ਵਿਚਾਰ ਚਰਚਾ ਵਿਚ ਸੁਖਜਿੰਦਰ ਮਹੇਸ਼ਰੀ, ਸਵਰਨ ਸਿੰਘ ਖੋਸਾ, ਕਾਮਰੇਡ ਗੁਰਮੇਲ ਨਾਹਰ, ਕਾਮਰੇਡ ਦਰਸ਼ਨ ਲਾਲ, ਬੂਟਾ ਸਿੰਘ ਭੱਟੀ, ਮਾਸਟਰ ਭੁਪਿੰਦਰ ਸਿੰਘ ਸੇਖੋਂ, ਹਰਪ੍ਰੀਤ ਬਾਵਾ, ਕਰਮਵੀਰ ਬੱਧਨੀ, ਜਗਸੀਰ ਖੋਸਾ, ਜਸਪ੍ਰੀਤ ਬੱਧਨੀ, ਹਰਬੰਸ ਸਾਗਰ, ਪੁਖਰਾਜ, ਜਿੰਦਰ ਚੜਿੱਕ, ਰਾਜਵੀਰ ਕੌਰ ਅਤੇ ਹਰਮਨ ਤਖਾਣਵੱਧ ਨੇ ਹਿੱਸਾ ਲਿਆ।