ਫਰੀਦਕੋਟ ’ਚ ਮੌਸਮ ਦਾ ਮਿਜਾਜ਼ ਬਦਲਿਆ : ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਦੀ ਆਮਦ ਨਾਲ ਗਰਮੀ ਤੋਂ ਮਿਲੀ ਵੱਡੀ ਰਾਹਤ
ਫਰੀਦਕੋਟ 'ਚ ਮੌਸਮ ਦਾ ਮਿਜ਼ਾਜ ਬਦਲਿਆ: ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਦੀ ਆਮਦ ਨਾਲ ਗਰਮੀ ਤੋਂ ਮਿਲੀ ਵੱਡੀ ਰਾਹਤ
Publish Date: Sat, 30 May 2026 06:28 PM (IST)
Updated Date: Sat, 30 May 2026 06:32 PM (IST)

- ਤੇਜ਼ ਹਨੇਰੀ ਕਾਰਨ ਪਿੰਡ ਗੋਲੇਵਾਲਾ ਦੇ ਨਜ਼ਦੀਕ ਡਿੱਗੇ ਦਰੱਖਤਾਂ ਕਾਰਨ ਲੱਗਿਆ ਹੋਇਆ ਲੰਮਾ ਜਾਮ ਹਰਪ੍ਰੀਤ ਚਾਨਾ/ਵਿਕਾਸ ਗਰਗ, ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਅਜਿਹੀ ਕਰਵਟ ਲਈ ਕਿ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਤਾ ਰਹੀ ਭਿਆਨਕ ਗਰਮੀ ਅਤੇ ਤਪਸ਼ ਤੋਂ ਵੱਡੀ ਰਾਹਤ ਮਿਲੀ। ਦੁਪਹਿਰ ਤੋਂ ਬਾਅਦ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਨੇ ਜਿੱਥੇ ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕ ਕੇ ਠੰਢਕ ਦਾ ਅਹਿਸਾਸ ਕਰਵਾਇਆ, ਉੱਥੇ ਹੀ ਕੁਝ ਸਮੇਂ ਬਾਅਦ ਹੀ ਸ਼ੁਰੂ ਹੋਈ ਬਾਰਿਸ਼ ਨੇ ਮੌਸਮ ਨੂੰ ਪੂਰੀ ਤਰ੍ਹਾਂ ਸੁਹਾਵਣਾ ਬਣਾ ਦਿੱਤਾ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਮਾਹੌਲ ਵਿੱਚ ਹੋਰ ਵੀ ਠੰਢਕ ਭਰ ਦਿੱਤੀ, ਜਿਸ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕਾਲੇ ਬੱਦਲਾਂ ਦੀ ਗਰਜ ਅਤੇ ਤੇਜ਼ ਹਵਾਵਾਂ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨੇ ਸੜਕਾਂ ਅਤੇ ਗਲੀਆਂ ਨੂੰ ਵੀ ਤਰੋ-ਤਾਜ਼ਾ ਕਰ ਦਿੱਤਾ। ਕਈ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਆਮ ਲੋਕਾਂ, ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਵਰਗ ਨੇ ਇਸ ਬਦਲੇ ਹੋਏ ਮੌਸਮ ਦਾ ਖੂਬ ਆਨੰਦ ਮਾਣਿਆ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੀਆਂ ਟਾਹਣੀਆਂ ਟੁੱਟਣ ਅਤੇ ਬਿਜਲੀ ਸਪਲਾਈ ਵਿੱਚ ਮਾਮੂਲੀ ਵਿਘਨ ਪੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ, ਪਰ ਸਮੁੱਚੇ ਤੌਰ ਤੇ ਇਹ ਮੀਂਹ ਲੋਕਾਂ ਲਈ ਇੱਕ ਸੁੱਖਦ ਅਨੁਭਵ ਲੈ ਕੇ ਆਇਆ ਹੈ। ਕਿਸਾਨਾਂ ਲਈ ਵੀ ਇਹ ਮੀਂਹ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਸੁਹਾਵਣਾ ਬਣਿਆ ਰਹਿ ਸਕਦਾ ਹੈ, ਜਿਸ ਨਾਲ ਗਰਮੀ ਦੇ ਕਹਿਰ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਤੇਜ਼ ਹਨੇਰੀ ਨਾਲ ਸੜਕਾਂ ’ਤੇ ਕਈ ਵੱਡੇ ਦਰਖਤ ਵੀ ਡਿੱਗ ਪਏ। ਫਰੀਦਕੋਟ ਫਿਰੋਜਪੁਰ ਰੋਡ ਤੇ ਗੋਲੇਵਾਲਾ ਨੇੜੇ ਸੜਕ ਤੇ ਸਫੇਦੇ ਦੇ ਅਤੇ ਨਿਮ ਦੇ ਦਰਖਤ ਡਿੱਗਣ ਨਾਲ ਦੋ ਤਿੰਨ ਘਟੇ ਟ੍ਰੈਫਿਕ ਜਾਮ ਰਿਹਾ। ਜਿਸ ਕਾਰਨ ਟਰੈਫਿਕ ਵਿੱਚ ਇੱਕ ਐਂਬੂਲੈਂਸ ਵੀ ਫਸ ਗਈ, ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਬੜੀ ਮੁਸ਼ਕਿਲ ਨਾਲ ਉੱਥੋਂ ਕੱਢਿਆ ਗਿਆ। ਹਨੇਰੀ ਦੇ ਨਾਲ ਨਾਲ ਦਰੱਖਤ ਡਿੱਗਣ ਦਾ ਕਾਰਨ ਗੋਲੇ ਵਾਲਾ ਵਿੱਚ ਇੱਕ ਨਵਾਂ ਪੈਟਰੋਲ ਪੰਪ ਬਣ ਰਿਹਾ ਹੈ। ਜਿਸ ਦੇ ਅੱਗੇ ਲੱਗੇ ਦਰੱਖਤਾਂ ਦੇ ਥੱਲੋਂ ਲੱਗੀ ਮਿੱਟੀ ਨੂੰ ਕੁਝ ਦਿਨ ਪਹਿਲਾਂ ਹਟਾਇਆ ਗਿਆ ਸੀ। ਜਿਸ ਜਿਸ ਦੀ ਵਜਹਾ ਨਾਲ ਇਹ ਪ੍ਰੇੜਾਂ ਦੇ ਜੜਾਂ ਕਮਜ਼ੋਰ ਹੋ ਗਈਆਂ ਅਤੇ ਉਹ ਡਿੱਗ ਪਏ। ਇੱਥੇ ਇਹ ਵੀ ਖੁਸ਼ਕਿਸਮਤੀ ਰਹੀ ਕਿ ਕੋਈ ਵੱਡੀ ਦੁਰਘਟਨਾ ਹੋਣ ਤੋ ਟਲ ਗਈ। ਦਰੱਖਤਾਂ ਦੀਆਂ ਜੜ੍ਹਾਂ ਥੱਲੋਂ ਮਿੱਟੀ ਹਟਾਏ ਜਾਣ ਦਾ ਮਹਿਕਮੇ ਦੇ ਸਬੰਧਿਤ ਅਫਸਰਾਂ ਨੂੰ ਵੀ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਹ ਵੀ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਜਦੋਂ ਦਰਖਤ ਡਿੱਗੇ ਉਦੋਂ ਦੀ ਕੋਈ ਲੰਘ ਨਹੀਂ ਰਿਹਾ ਸੀਂ ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋਣ ਸਕਦਾ ਸੀ। ਇਸ ਪੈਟਰੋਲ ਪੰਪ ਅੱਗੇ ਹਨੇਰੀ ਆਉਣ ਤੋਂ ਪਹਿਲਾਂ ਰਾਤ ਨੂੰ ਵੀ ਸ਼ਫੈਦੇ ਦਾ ਇੱਕ ਵੱਡਾ ਦਰੱਖਤ ਡਿੱਗਿਆ ਪਿਆ ਸੀ। ਹੁਣ ਇਹ ਕਿਵੇਂ ਡਿੱਗਾ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਇਸ ਬਾਰੇ ਜਦੋਂ ਜੰਗਲਾਤ ਮਹਿਕਮੇ ਦੇ ਰੇਂਜ ਅਧਿਕਾਰੀ ਚਮਕੌਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੈਟਰੋਲ ਪੰਪ ਮਾਲਕਾਂ ਵੱਲੋਂ ਪੰਪ ਅੰਦਰ ਜਾਣ ਵਾਸਤੇ ਰਾਹ ਬਣਾਉਣ ਕਰਕੇ ਇਹਨਾਂ ਦਰਖਤਾਂ ਨੂੰ ਵੱਢਣ ਦੀ ਐਨਓਸੀ ਲਿੱਤੀ ਗਈ ਸੀ ਪਰ ਦਰਖਤਾਂ ਤੇ ਵੱਢਣ ਦੀ ਰੋਕ ਲੱਗੀ ਹੋਣ ਕਰਕੇ ਇਹਨਾਂ ਦਰਖਤਾਂ ਨੂੰ ਵੱਡਿਆ ਨਹੀਂ ਗਿਆ ਸੀ।