ਕਮਰਸ਼ੀਅਲ ਗੈਸ ਸਿਲੰਡਰ 993 ਰੁਪਏ ਮਹਿੰਗਾ
ਅਮਰੀਕਾ-ਈਰਾਨ-ਇਜ਼ਰਾਇਲ ਅਧਿਆਪਕਾ ਪਰਮਜੀਤ ਕੌਰ ਰਣ ਸਿੰਘ ਵਾਲਾ ਨੂੰ ਸਨਮਾਨਿਤ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ।
Publish Date: Sun, 03 May 2026 04:01 PM (IST)
Updated Date: Mon, 04 May 2026 04:03 AM (IST)

ਗੈਸ ਸਿਲੰਡਰ ਦੀ ਕੀਮਤ ਵਧਣ ਨਾਲ ਫੂਡ ਕਾਰੋਬਾਰੀ ਚਿੰਤਤ ਵਕੀਲ ਮਹਿਰੋ, ਪੰਜਾਬੀ ਜਾਗਰਣ ਮੋਗਾ: ਅਮਰੀਕਾ-ਈਰਾਨ-ਇਜ਼ਰਾਇਲ ਵਿਚਾਲੇ ਤਣਾਅ ਦੇ ਦਰਮਿਆਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਇਕਦਮ 993 ਰੁਪਏ ਦਾ ਵੱਡਾ ਇਜ਼ਾਫ਼ਾ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਮੋਗਾ ਸ਼ਹਿਰ ਦੇ ਰੈਸਟੋਰੈਂਟਾਂ, ਹੋਟਲਾਂ ਅਤੇ ਗੈਸ ਰਾਹੀਂ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਕੋ ਵਾਰ ਕਰੀਬ 33 ਫ਼ੀਸਦੀ ਵਾਧੇ ਨੇ ਉਨ੍ਹਾਂ ਦੇ ਧੰਦੇ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਇਸ ਦਾ ਬੋਝ ਅੰਤ ਵਿਚ ਗਾਹਕਾਂ ‘ਤੇ ਵੀ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਰੈਸਟੋਰੈਂਟਾਂ ਦਾ ਖਾਣਾ ਮਹਿੰਗਾ ਹੋ ਸਕਦਾ ਹੈ। ਮੋਗਾ ਦੇ ਕਈ ਰੈਸਟੋਰੈਂਟਾਂ ਨੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਕਾਰਨ ਆਪਣੇ ਮੈਨਿਉ ਘਟਾ ਦਿੱਤੇ ਹਨ ਅਤੇ ਹੁਣ ਹਰ ਵੇਲੇ ਹਰ ਆਈਟਮ ਉਪਲਬਧ ਨਹੀਂ ਕਰਵਾ ਰਹੇ। ਕਮਰਸ਼ੀਅਲ ਸਿਲੰਡਰ ਦੀ ਕੀਮਤ ਸਿੱਧੀ 2106 ਰੁਪਏ ਤੋਂ ਵੱਧ ਕੇ 3099 ਰੁਪਏ ਹੋ ਗਈ ਹੈ। ਇਸਦੇ ਨਾਲ ਹੀ 5 ਕਿੱਲੋ ਵਾਲਾ ਛੋਟਾ ਸਿਲੰਡਰ ਵੀ 241 ਰੁਪਏ ਮਹਿੰਗਾ ਹੋ ਕੇ ਹੁਣ 833 ਰੁਪਏ ਵਿਚ ਮਿਲੇਗਾ। ਇਸ ਨਾਲ ਵਿਦਿਆਰਥੀਆਂ, ਪ੍ਰਵਾਸੀਆਂ ਅਤੇ ਮਜ਼ਦੂਰ ਵਰਗ ‘ਤੇ ਡਬਲ ਮਾਰ ਪਈ ਹੈ। ----- ਚਾਰ ਮਹੀਨਿਆਂ _ਚ 1518 ਰੁਪਏ ਦਾ ਵਾਧਾ 1 ਜਨਵਰੀ: 111 ਰੁਪਏ 1 ਫਰਵਰੀ: 50 ਰੁਪਏ 1 ਮਾਰਚ: 31 ਰੁਪਏ 7 ਮਾਰਚ: 115 ਰੁਪਏ 1 ਅਪ੍ਰੈਲ: 218 ਰੁਪਏ 1 ਮਈ: 993 ਰੁਪਏ ਕਾਰੋਬਾਰੀਆਂ ਲਈ ਵੱਡਾ ਨੁਕਸਾਨ ਮੋਗਾ ਦੇ ਪ੍ਰਮੁੱਖ ਬਿਗਬੈੱਨ ਰੈਸਟੋਰੈਂਟ ਦੇ ਸੰਚਾਲਕ ਬਿੰਦੂ ਸੂਦ ਨੇ ਦੱਸਿਆ ਕਿ ਜਿਨ੍ਹਾਂ ਰੈਸਟੋਰੈਂਟਾਂ ਵਿਚ ਰੋਜ਼ਾਨਾ ਤਿੰਨ ਤੋਂ ਚਾਰ ਸਿਲੰਡਰ ਲੱਗਦੇ ਹਨ, ਉਨ੍ਹਾਂ ਨੂੰ ਲਗਭਗ 4000 ਰੁਪਏ ਰੋਜ਼ਾਨਾ ਦਾ ਵਾਧੂ ਖਰਚਾ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਕਾਰੋਬਾਰੀ ਆਪਣੇ ਸਿਰ ਨਹੀਂ ਝੱਲ ਸਕਦੇ, ਇਸ ਲਈ ਕੀਮਤਾਂ ਵਧਾਉਣਾ ਮਜਬੂਰੀ ਬਣੇਗੀ। ਗੈਸ ਦੀ ਕਮੀ ਦੇ ਸਮੇਂ ਹੀ ਮੈਨੂ ਘਟਾਇਆ ਗਿਆ ਸੀ ਅਤੇ ਕਈ ਆਈਟਮਾਂ ਬੰਦ ਕਰ ਦਿੱਤੀਆਂ ਗਈਆਂ ਸਨ। ਚਾਟ, ਸਮੋਸੇ, ਛੋਲੇ-ਕੁਲਚੇ, ਭਟੂਰੇ ਅਤੇ ਚਾਹ ਦੇ ਠੇਲੇ ਲਗਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੰਨਾ ਮਹਿੰਗਾ ਸਿਲੰਡਰ ਖ਼ਰੀਦ ਕੇ ਉਹ ਆਪਣਾ ਕਾਰੋਬਾਰ ਨਹੀਂ ਚਲਾ ਸਕਦੇ। ਮੇਨ ਚੌਂਕ ਨੇੜੇ ਚਾਹ ਵੇਚਣ ਵਾਲੀ ਇਕ ਮਹਿਲਾ ਨੇ ਕਿਹਾ ਕਿ ਜਦ ਤੱਕ ਸਿਲੰਡਰ ਵਿਚ ਗੈਸ ਹੈ, ਉਹ ਕੰਮ ਕਰੇਗੀ, ਨਹੀਂ ਤਾਂ ਠੇਲਾ ਘਰ ਲੈ ਜਾਣਾ ਪਵੇਗਾ। ਛੋਟੇ ਕਾਰੋਬਾਰੀ ਹੁਣ ਘਰੇਲੂ ਗੈਸ ਸਿਲੰਡਰਾਂ ਨਾਲ ਕੰਮ ਚਲਾਉਣ ਲਈ ਮਜਬੂਰ ਹੋ ਰਹੇ ਹਨ ਪਰ ਇਹ ਸਿਲੰਡਰ ਵੀ ਕਈ ਵਾਰ ਕਾਲੇ ਵਿਚ 1600 ਤੋਂ 1700 ਰੁਪਏ ਤੱਕ ਮਿਲ ਰਹੇ ਹਨ, ਜਿਸ ਨਾਲ ਮੋਟਾ ਨਫ਼ਾ ਵੀ ਘੱਟ ਗਿਆ ਹੈ। ਡੀਜ਼ਲ ਭੱਠੀਆਂ ਵੱਲ ਰੁਝਾਨ ਮੋਗਾ ਦੇ ਗੁਰੂ ਰਾਮਦਾਸ ਡੇਅਰੀ ਦੇ ਸੰਚਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਆਪਣਾ ਕਾਫੀ ਕੰਮ ਪਹਿਲਾਂ ਹੀ ਡੀਜ਼ਲ ਭੱਠੀ ‘ਤੇ ਸ਼ਿਫਟ ਕਰ ਚੁੱਕੇ ਹਨ ਅਤੇ ਹੁਣ ਗੈਸ ਮਹਿੰਗੀ ਹੋਣ ਤੋਂ ਬਾਅਦ ਜ਼ਿਆਦਾਤਰ ਕੰਮ ਡੀਜ਼ਲ ‘ਤੇ ਕਰਨਾ ਪਵੇਗਾ। ਕਈ ਹੋਰ ਕਾਰੋਬਾਰੀ ਵੀ ਇਸੇ ਰਾਹ ‘ਤੇ ਚੱਲ ਰਹੇ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਚਾਹ, ਸਮੋਸੇ ਵਰਗੀਆਂ ਚੀਜ਼ਾਂ ਦੀ ਕੀਮਤ ਇਕ ਹੱਦ ਤੋਂ ਵੱਧ ਨਹੀਂ ਵਧਾਈ ਜਾ ਸਕਦੀ ਕਿਉਂਕਿ ਗਾਹਕੀ ਘਟਣ ਦਾ ਡਰ ਬਣਿਆ ਰਹਿੰਦਾ ਹੈ। ਮੋਗਾ ਵਿਚ ਪਹਿਲਾਂ ਹੀ ਇਕ ਕੱਪ ਚਾਹ 20 ਰੁਪਏ ਵਿਚ ਮਿਲ ਰਿਹਾ ਹੈ, ਇਸ ਤੋਂ ਵੱਧ ਕੀਮਤ ‘ਤੇ ਗਾਹਕ ਘੱਟ ਹੋ ਸਕਦੇ ਹਨ। ਕਮਰਸ਼ੀਅਲ ਗੈਸ ਦੀਆਂ ਵਧੀਆਂ ਕੀਮਤਾਂ ਨੇ ਮੋਗਾ ਦੇ ਵੱਡੇ ਰੈਸਟੋਰੈਂਟਾਂ ਤੋਂ ਲੈ ਕੇ ਛੋਟੇ ਠੇਲੇਦਾਰਾਂ ਤੱਕ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ‘ਤੇ ਵੀ ਪੈਣ ਦੀ ਸੰਭਾਵਨਾ ਹੈ।