ਮੁੱਖ ਮੰਤਰੀ ਕਿਸਾਨਾਂ ਨੂੰ ਮੁਆਵਜ਼ਾ ਦੇਣ : ਸੰਧੂ
ਬੇਮੌਸਮੀ ਬਰਸਾਤ ਅਤੇ ਪਈ ਗੜੇਮਾਰੀ
Publish Date: Wed, 08 Apr 2026 04:43 PM (IST)
Updated Date: Thu, 09 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਬੇਮੌਸਮੀ ਬਰਸਾਤ ਅਤੇ ਪਈ ਗੜੇਮਾਰੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਹੋ ਗਈ ਪਰ ਸੂਬੇ ਦਾ ਮੁੱਖ ਮੰਤਰੀ ਸੂਬੇ ਦੇ ਸਾਰੇ ਹਲਕਿਆਂ ਵਿਚ ਲਗਾਤਾਰ ਸਕਤੀ ਪ੍ਰਦਰਸ਼ਨ ਵਜੋਂ ਰੈਲੀਆਂ ਕਰ ਰਹੇ ਹਨ। ਜਦਕਿ ਸਾਡਾ ਅੰਨਦਾਤਾ ਕਿਸਾਨ ਆਪਣੀ ਤਬਾਹ ਹੋਈ ਫਸਲ ਕਾਰਨ ਕੁਦਰਤ ਨੂੰ ਅਤੇ ਸਰਕਾਰ ਨੂੰ ਕੋਸਦਾ ਨਜ਼ਰ ਆ ਰਿਹਾ ਹੈ ਅਤੇ ਆਪਣੀ ਤਬਾਹ ਹੋਈ ਫ਼ਸਲ ਵੇਖਕੇ ਅੱਥਰੂ ਵਹਾ ਰਿਹਾ ਹੈ ਅਤੇ ਜੇਕਰ ਸਾਡੇ ਦੇਸ਼ ਦੇ ਅੰਨਦਾਤੇ ਦੀਆਂ ਅੱਖਾਂ ਨਮ ਹਨ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨੀ ਹੋ ਸਕਦੀ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜੇ ਤੱਕ ਕਿਸੇ ਵੀ ਕਿਸਾਨ ਲਈ ਕੋਈ ਵੀ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਗਈ ਅਤੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਹੁਣ ਪੀੜਤ ਕਿਸਾਨਾਂ ਦੇ ਨਾਲ ਖੜ੍ਹਨ ਦੀ ਅਤੇ ਮੁੱਖ ਮੰਤਰੀ ਨੂੰ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸਪੀ ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੜ ਪ੍ਰਭਾਵਿਤ ਖੇਤਰਾਂ ਵਿਚ ਮੁਆਵਜ਼ਾ ਰਾਸ਼ੀ ਦੇ ਜੋ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ’ਤੇ ਲਗਾ ਰਹੇ ਹਨ ਉਹ ਬਿਲਕੁੱਲ ਬੇਬੁਨਿਆਦ ਹਨ ਅਤੇ ਆਪਣੀਆਂ ਖ਼ਾਮੀਆਂ ਛੁਪਾਉਣ ਲਈ ਹੀ ਅਜਿਹਾ ਕਰ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ ਅਤੇ ਅੱਜ ਵੀ ਇਕ ਸਟੇਟ ਗੌਰਮਿੰਟ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨੂੰ ਫੌਰੀ ਮੁਆਵਜ਼ਾ ਦੇਵੇ। ਸੰਧੂ ਨੇ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਸੂਬਾ ਵਿਕਾਸ ਪੱਖੋਂ ਹੀ ਨਹੀਂ ਪਛੜਿਆ ਸਗੋਂ ਹਰੇਕ ਖੇਤਰ ਵਿਚ ਹੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਛੜ ਕੇ ਰਹਿ ਗਿਆ ਹੈ ਅਤੇ ਸੂਬੇ ਦੇ ਲੋਕ ਆਪ ਸਰਕਾਰ ਤੋਂ ਅੱਕੇ ਹੋਏ ਜਲਦੀ ਖਹਿੜਾ ਛੁਡਾ ਕੇ ਸੂਬੇ ਵਿਚ ਭਾਜਪਾ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ ਕਿਉਂਕਿ ਜਿਹੜੇ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ ਉਹ ਰਾਜ ਅੱਜ ਵਿਕਾਸ ਪੱਖੋਂ ਮੋਹਰੀ ਸੂਬੇ ਬਣ ਗਏ ਹਨ ਅਤੇ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਸੂਬਾ ਖੁਸ਼ਹਾਲੀ ਅਤੇ ਤਰੱਕੀ ਵੱਲ ਜਾਏਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਖ਼ਾਸ ਕਰਕੇ ਖੇਤੀ ਪ੍ਰਧਾਨ ਸੂਬਿਆਂ ਲਈ ਜ਼ਿਆਦਾ ਚਿੰਤਤ ਹਨ ਅਤੇ ਉਨ੍ਹਾਂ ਦਾ ਟੀਚਾ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਸਹੂਲਤਾਂ ਦੇਕੇ ਖੁਸ਼ਹਾਲ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤਦਾ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਭਾਜਪਾ ਦੀ ਸਰਕਾਰ ਆਉਣ ’ਤੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੇਣ ਦੇ ਨਾਲ ਕਰਜ਼ਾ ਮੁਆਫ਼ੀ ਵੀ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ।