ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ 'ਆਪ'-ਕਾਂਗਰਸ ਵਿਚਾਲੇ ਝੜਪ, ਬਲਾਕ ਪ੍ਰਧਾਨ ਦੀ ਉੱਤਰੀ ਪੱਗ
ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ 'ਆਪ'-ਕਾਂਗਰਸ ਵਿਚਾਲੇ ਝੜਪ, ਬਲਾਕ ਪ੍ਰਧਾਨ ਦੀ ਉੱਤਰੀ ਪੱਗ
Publish Date: Mon, 18 May 2026 07:52 PM (IST)
Updated Date: Mon, 18 May 2026 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਮੁਕਤਸਰ ਦੇ ਮਲੋਟ ’ਚ ਸੋਮਵਾਰ ਨੂੰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮਾਹੌਲ ਤਣਾਅਪੂਰਨ ਹੋ ਗਿਆ। ਮਲੋਟ ਸਥਿਤ ਐਸਡੀਐਮ ਦਫ਼ਤਰ ’ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਜਾਂਚ) ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਬਹਿਸ ਨੇ ਝਗੜੇ ਦਾ ਰੂਪ ਲੈ ਲਿਆ। ਦੋਵਾਂ ਧਿਰਾਂ ’ਚ ਹੱਥੋਪਾਈ ਹੋਈ ਅਤੇ ਲੱਤਾਂ-ਮੁੱਕੇ ਚੱਲੇ। ਉੱਥੇ ਹੀ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬਲਾਕ ਪ੍ਰਧਾਨ ਦੀ ਪੱਗ ਉਛਾਲੀ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਮਲੋਟ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਤੇ ਆਪ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪੀਏ ਤੇ ਕਾਂਗਰਸੀਆਂ ਤੇ ਜਾਨਲੇਵਾ ਹਮਲਾ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਘਟਨਾਕ੍ਰਮ ਦੇ ਵਿਰੋਧ ਵਿੱਚ ਕਾਂਗਰਸੀਆਂ ਨੇ ਥਾਣਾ ਸਿਟੀ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ। ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਰਚਾ ਦਰਜ ਨਾ ਹੋਇਆ ਤਾਂ ਮੰਗਲਵਾਰ ਨੂੰ ਵੱਡਾ ਧਰਨਾ ਲਗਾਇਆ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਹ ਧੱਕਾ ਕਰਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਅਜਿਹੇ ਧੱਕੇ ਤੋਂ ਡਰਨ ਵਾਲੇ ਨਹੀਂ ਹਨ, ਅਸੀਂ ਨਿਡਰ ਹੋ ਕੇ ਲੜਾਂਗੇ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਮਲੋਟ ਦੇ ਐਸਡੀਐਮ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਵਰਕਰ ਨਾਲ ਧੱਕਾ ਨਹੀਂ ਹੋਵੇਗਾ। ਉਨ੍ਹਾਂ ਐਸਐਸਪੀ ਅਭਿਮਨਿਊ ਰਾਣਾ ਤੋਂ ਮੰਗ ਕੀਤੀ ਕਿ ਮੰਤਰੀ ਦੇ ਪੀਏ ਅਰਸ਼ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਤੇ ਕਾਰਵਾਈ ਕੀਤੀ ਜਾਵੇ। ਨਾਲ ਹੀ ਕਿਹਾ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਆਪਣੇ ਪੀਏ ਤੇ ਤੁਰੰਤ ਐਕਸ਼ਨ ਲੈਣ, ਨਹੀਂ ਤਾਂ ਇਸ ਦਾ ਨੁਕਸਾਨ ਮੰਤਰੀ ਨੂੰ ਖ਼ੁਦ ਚੋਣਾਂ ਵਿੱਚ ਭੁਗਤਣਾ ਪਵੇਗਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਡਾ. ਬਲਜੀਤ ਕੌਰ ਦੇ ਪੀਏ ਅਰਸ਼ ਸਿੱਧੂ ਨੇ ਬਦਮਾਸ਼ੀ ਕਰਦਿਆਂ ਕਾਂਗਰਸ ਵਰਕਰਾਂ ਨਾਲ ਕੁੱਟਮਾਰ ਕੀਤੀ ਅਤੇ ਪੁਲਿਸ ਮੂਕਦਰਸ਼ਕ ਬਣੀ ਰਹੀ। ਘਟਨਾ ਵਾਲੀ ਥਾਂ ਤੇ ਕੀ ਹੋਇਆ? ਸੋਮਵਾਰ ਨੂੰ ਐਸਡੀਐਮ ਦਫ਼ਤਰ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਉਮੀਦਵਾਰਾਂ ਦੀ ਫਾਈਨਲ ਲਿਸਟ ਲੱਗਣ ਦਾ ਇੰਤਜ਼ਾਰ ਕਰ ਰਹੇ ਸਨ। ਇਸੇ ਦੌਰਾਨ ਆਪ ਅਤੇ ਕਾਂਗਰਸ ਆਗੂਆਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਜੋ ਕੁੱਟਮਾਰ ਤੱਕ ਪਹੁੰਚ ਗਈ। ਕਾਂਗਰਸ ਨੇ ਦੋਸ਼ ਲਾਇਆ ਕਿ ਇਸ ਝੜਪ ’ਚ ਉਨ੍ਹਾਂ ਦੇ ਦਿਹਾਤੀ ਬਲਾਕ ਪ੍ਰਧਾਨ ਮੱਖਣ ਸਿੰਘ ਦੀ ਪੱਗ ਉਛਾਲੀ ਗਈ। ਇਸ ਦੇ ਨਾਲ ਹੀ ਐਮਸੀ ਚੋਣ ਲੜ ਰਹੇ ਕਾਂਗਰਸੀ ਆਗੂ ਲੀਲੂ ਰਾਮ ਨੂੰ ਜਾਤੀਸੂਚਕ ਗਾਲਾਂ ਕੱਢਣ ਦਾ ਵੀ ਦੋਸ਼ ਲਗਾਇਆ ਹੈ। ਕਾਂਗਰਸ ਦੇ ਧਰਨੇ ਨੂੰ ਸ਼ੋ੍ਮਣੀ ਅਕਾਲੀ ਦਲ ਦਾ ਸਮਰਥਨ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਾਂਗਰਸ ਦਾ ਸਾਥ ਦੇਣਗੇ ਅਤੇ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ। ਆਪ ਆਗੂ ਨਾਲ ਪਹਿਲਾਂ ਕਾਂਗਰਸੀ ਉਲਝ ਰਹੇ ਸਨ : ਪੀਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪੀਏ ਅਰਸ਼ ਸਿੱਧੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਆਪ ਆਗੂ ਜਸਮੀਤ ਬਰਾੜ ਇਤਰਾਜ਼ ਜਤਾਉਣ ਲਈ ਅੰਦਰ ਐਸਡੀਐਮ ਦਫ਼ਤਰ ਜਾ ਰਹੇ ਸਨ। ਉਨ੍ਹਾਂ ਨੂੰ ਇਕੱਲਾ ਦੇਖ ਕੇ ਕੁਝ ਕਾਂਗਰਸੀ ਉਨ੍ਹਾਂ ਨਾਲ ਉਲਝ ਗਏ। ਸਿੱਧੂ ਦਾ ਦਾਅਵਾ ਹੈ ਕਿ ਉਹ ਸਿਰਫ਼ ਲੜਾਈ ਛੁਡਾ ਰਹੇ ਸਨ, ਉਨ੍ਹਾਂ ਨੇ ਖ਼ੁਦ ਕੋਈ ਕੁੱਟਮਾਰ ਨਹੀਂ ਕੀਤੀ।