ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਰਾਹਤ ਮਿਲਣੀ ਸ਼ੁਰੂ
ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਮਿਲੀ ਅੰਸ਼ਿਕ ਰਾਹਤ
Publish Date: Wed, 27 May 2026 05:56 PM (IST)
Updated Date: Wed, 27 May 2026 05:58 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਰਾਜ ਪੱਧਰੀ ਹੜਤਾਲ ਕਾਰਨ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਸਫ਼ਾਈ ਵਿਵਸਥਾ ਹੁਣ ਹੌਲੀ-ਹੌਲੀ ਲੀਹ ’ਤੇ ਪਰਤਣ ਲੱਗੀ ਹੈ। ਬੀਤੀ 22 ਮਈ ਨੂੰ ਹੜਤਾਲ ਖ਼ਤਮ ਹੋਣ ਤੋਂ ਬਾਅਦ ਨਗਰ ਕੌਂਸਲ ਵੱਲੋਂ ਯੁੱਧ ਪੱਧਰ ’ਤੇ ਸ਼ੁਰੂ ਕੀਤੀ ਗਈ ਮੁਹਿੰਮ ਸਦਕਾ ਸ਼ਹਿਰ ਦੀ ਹਾਲਤ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੀਤੀ 06 ਮਈ ਤੋਂ ਰਾਜ ਵਿਆਪੀ ਹੜਤਾਲ ਸ਼ੁਰੂ ਕੀਤੀ ਗਈ ਸੀ। ਲਗਾਤਾਰ 17 ਦਿਨ ਚੱਲੀ ਇਸ ਹੜਤਾਲ ਕਾਰਨ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਗਿਆ ਸੀ। ਆਖ਼ਰਕਾਰ, ਸਰਕਾਰ ਵੱਲੋਂ ਕੁਝ ਪ੍ਰਮੁੱਖ ਮੰਗਾਂ ਮੰਨ ਲਏ ਜਾਣ ਅਤੇ ਆਪਸੀ ਸਹਿਮਤੀ ਬਣਨ ਤੋਂ ਬਾਅਦ 22 ਮਈ ਨੂੰ ਸਫ਼ਾਈ ਕਾਮਿਆਂ ਨੇ ਧਰਨਾ ਸਮਾਪਤ ਕਰਕੇ ਮੁੜ ਕੰਮ ਸੰਭਾਲ ਲਿਆ। 80% ਕੰਮ ਮੁਕੰਮਲ, 20% ਹਾਲੇ ਵੀ ਬਾਕੀ ਸਫ਼ਾਈ ਮੁਹਿੰਮ ਤਹਿਤ ਹੁਣ ਤੱਕ ਸ਼ਹਿਰ ਦੇ ਕਰੀਬ 80 ਪ੍ਰਤੀਸ਼ਤ ਹਿੱਸੇ ਵਿੱਚੋਂ ਕੂੜਾ ਚੁੱਕਿਆ ਜਾ ਚੁੱਕਾ ਹੈ, ਜਦਕਿ 20 ਪ੍ਰਤੀਸ਼ਤ ਇਲਾਕਿਆਂ ਵਿੱਚ ਅਜੇ ਵੀ ਕੰਮ ਬਾਕੀ ਹੈ। ਸ਼ਹਿਰ ਦੇ ਮੁੱਖ ਪੁਆਇੰਟਾਂ ਜਿਵੇਂ ਬਾਲਮੀਕਿ ਚੌਂਕ, ਰੇਲਵੇ ਪੁੱਲ ਅਤੇ ਸੇਵਾ ਕੇਂਦਰ ਨੇੜੇ ਪੁਰਾਣੀ ਦਾਣਾ ਮੰਡੀ ਸਮੇਤ ਕਈ ਪ੍ਰਮੁੱਖ ਜਗ੍ਹਾਵਾਂ ਤੋਂ ਕੂੜੇ ਦੇ ਢੇਰ ਸਾਫ਼ ਕਰ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਪੂਰੇ ਸ਼ਹਿਰ ਦੀ ਸਫ਼ਾਈ ਦਾ ਜ਼ਿੰਮਾ ਸਾਂਭਣ ਵਾਲੀ ਨਗਰ ਕੌਂਸਲ ਦੇ ਆਪਣੇ ਦਫ਼ਤਰ ਦੇ ਬਿਲਕੁਲ ਸਾਹਮਣੇ ਲੱਗਾ ਕੂੜੇ ਦਾ ਵੱਡਾ ਢੇਰ ਅਜੇ ਵੀ ਪੂਰੀ ਤਰ੍ਹਾਂ ਨਹੀਂ ਚੁੱਕਿਆ ਜਾ ਸਕਿਆ, ਜੋ ਆਉਣ-ਜਾਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸਫ਼ਾਈ ਸੇਵਕ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਅੱਗੇ ਲੱਗੇ ਕੂੜੇ ਦੇ ਵਿਸ਼ਾਲ ਢੇਰ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ’ਚ ਅਜੇ 4 ਤੋਂ 5 ਦਿਨਾਂ ਦਾ ਸਮਾਂ ਹੋਰ ਲੱਗੇਗਾ। ਬਾਕੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਵੀ ਲਗਾਤਾਰ ਕੂੜਾ ਚੁੱਕ ਕੇ ਸਫ਼ਾਈ ਕੀਤੀ ਜਾ ਰਹੀ ਹੈ। ਸਾਰੇ ਸਫ਼ਾਈ ਸੇਵਕ ਪੂਰੀ ਲਗਨ ਅਤੇ ਮਿਹਨਤ ਨਾਲ ਡਿਊਟੀ ਨਿਭਾ ਰਹੇ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਜਿਨ੍ਹਾਂ ਮੰਗਾਂ ਤੇ ਸਹਿਮਤੀ ਬਣੀ ਸੀ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਸ਼ਹਿਰ ਵਾਸੀਆਂ ਨੇ ਲਿਆ ਸੁੱਖ ਦਾ ਸਾਹ ਸ਼ਹਿਰ ਵਾਸੀਆਂ ਨੇ ਹੜਤਾਲ ਖ਼ਤਮ ਹੋਣ ਤੇ ਸੁੱਖ ਦਾ ਸਾਹ ਲਿਆ ਹੈ, ਪਰ ਨਾਲ ਹੀ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਸਾਹਮਣੇ ਵਾਲੇ ਮੁੱਖ ਡੰਪ ਸਮੇਤ ਬਾਕੀ ਰਹਿੰਦੇ 20 ਫ਼ੀਸਦੀ ਹਿੱਸੇ ਨੂੰ ਵੀ ਜਲਦੀ ਸਾਫ਼ ਕੀਤਾ ਜਾਵੇ ਤਾਂ ਜੋ ਗਰਮੀ ਦੇ ਇਸ ਮੌਸਮ ਵਿੱਚ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।