ਟੁੱਟੀਆਂ ਸੜਕਾਂ, ਸੀਵਰੇਜ ਤੋਂ ਪ੍ਰੇਸ਼ਾਨ ਸ਼ਹਿਰੀਆਂ ਨੇ ਅਧਿਕਾਰੀਆਂ ’ਤੇ ਜਿਤਾਇਆ ਰੋਸ
ਟੁੱਟੀਆਂ ਸੜਕਾਂ, ਦੂਸ਼ਿਤ ਪਾਣੀ ਤੇ ਮਾੜੇ ਸੀਵਰੇਜ ਤੋਂ ਪ੍ਰੇਸ਼ਾਨ ਸ਼ਹਿਰੀਆਂ ਨੇ ਅਧਿਕਾਰੀਆਂ ’ਤੇ ਜਿਤਾਇਆ ਰੋਸ
Publish Date: Thu, 14 May 2026 05:57 PM (IST)
Updated Date: Fri, 15 May 2026 04:06 AM (IST)

-ਜਲਘਰ ਦੀਆਂ ਡਿੱਗੀਆਂ ’ਚ ਪੈਂਦਾ ਹੈ ਫੁੱਟਪਾਥ ਦਾ ਦੂਸ਼ਿਤ ਪਾਣੀ, ਬਿੱਲ ਖਿੜਕੀ ਬਣੀ ਸਜ਼ਾ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ਦੀਆਂ ਸੜਕਾਂ, ਬਾਈਪਾਸ ਅਤੇ ਬਜ਼ਾਰਾਂ ’ਚ ਛੇ ਮਹੀਨਿਆਂ ਤੋਂ ਪਾਈਆਂ ਜਾ ਰਹੀਆਂ ਸੀਵਰੇਜ ਦੀਆਂ ਪਾਈਪਾਂ ਕਾਰਣ ਜਾਨਲੇਵਾ ਹਾਲਤ ਵਾਲੀਆਂ ਸੜਕਾਂ, ਪੀਣ ਵਾਲੇ ਦੀ ਭਾਰੀ ਘਾਟ ਨਾਲ ਜੂਝ ਰਹੇ ਲੋਕਾਂ, ਜਲ ਘਰ ਦੀਆਂ ਡਿੱਗੀਆਂ ਦੀ ਦੁਰਦਰਸ਼ਾ, ਬਿੱਲ ਖਿੜਕੀ ਦੀ ਮਾੜੀ ਹਾਲਤ ਅਤੇ ਹੋਰ ਅਹਿਮ ਮਸਲਿਆਂ ਸਬੰਧੀ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਵਿਖੇ ਅਧਿਕਾਰੀਆਂ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਪ੍ਰਿੰਸੀਪਲ ਜਸਵੰਤ ਸਿੰਘ, ਗੋਬਿੰਦ ਸਿੰਘ ਦਾਬੜਾ, ਕਰਮਜੀਤ ਸ਼ਰਮਾ, ਡਾ. ਨਰੇਸ਼ ਪਰੂਥੀ, ਗੁਰਸੇਵਕ ਸਿੰਘ ਪ੍ਰੀਤ, ਗਗਨ ਗੋਇਲ, ਕਾਲਾ ਸਿੰਘ ਬੇਦੀ, ਨਛੱਤਰ ਸਿੰਘ ਸੰਧੂ, ਨਿਰੰਜਨ ਸਿੰਘ ਰੱਖੜਾ, ਬਲਜੀਤ ਸਿੰਘ, ਪ੍ਰਮੋਦ ਕੁਮਾਰ, ਗੁਰਪਾਲ ਸਿੰਘ ਪਾਲੀ, ਜਸਪਾਲ ਸਿੰਘ, ਸ਼ਾਮ ਲਾਲ, ਬਲਕਾਰ ਸਿੰਘ, ਮਿੰਕਲ ਬਜਾਜ, ਬਲਬੀਰ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਹਰਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਦੇ ਨਾਂ ’ਤੇ ਕ੍ਰੋੜਾਂ ਰੁਪਏ ਖਰਚ ਕਰਕੇ ਪਾਈਆਂ ਜਾ ਰਹੀਆਂ ਸੀਵਰੇਜ ਦੀਆਂ ਪਾਈਪਾਂ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਸ਼ਹਿਰ ਨਰਕ ਦਾ ਰੂਪ ਬਣ ਗਿਆ ਹੈ। ਸੜਕਾਂ ਉਪਰ ਖੱਡੇ ਹਨ। ਮਿੱਟੀ ਉਡ ਰਹੀ ਹੈ। ਧੂੜ ਕਾਰਣ ਲੋਕ ਬਿਮਾਰ ਹੋ ਰਹੇ ਹਨ। ਪੰਜ ਮੁੱਖ ਮਾਰਗਾਂ ਦੀ ਆਵਜਾਈ ਨੂੰ ਸੰਭਾਲਣ ਵਾਲੀ ਅਬੋਹਰ ਰੋਡ ਉਪਰ ਵਾਹਨਾਂ ਦਾ ਚੱਲਣਾ ਦੁੱਭਰ ਹੋ ਗਿਆ ਹੈ। ਰੋਜ਼ ਵਾਹਨ ਪਲਟੇ ਰਹਿੰਦੇ ਹਨ। ਇਸੇ ਤਰ੍ਹਾਂ ਘਰਾਂ ’ਚ ਹਫਤਿਆਂ ਬੱਧੀ ਪਾਣੀ ਨਹੀਂ ਆ ਰਿਹਾ। ਜੇ ਆਉਂਦਾ ਹੈ ਕਿ ਦੂਸ਼ਿਤ ਹੁੰਦਾ ਹੈ। ਮਹੀਨਿਆਂ ਬੱਧੀ ਪਾਣੀ ਬੰਦ ਰਹਿੰਦਾ ਹੈ। ਪੰਜ ਸਬਮਰਸੀਬਲ ਪੰਪਾਂ ਵਿੱਚੋਂ ਚਾਰ ਚੱਲਦੇ ਹਨ ਪਰ ਘਰਾਂ ’ਚ ਪਾਣੀ ਨਹੀਂ ਪੁੱਜਦਾ। ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਜਲਘਰ ਦੀਆਂ ਡਿੱਗੀਆਂ ਵਿੱਚ ਆਵਾਰਾ ਪਸ਼ੂ ਫਿਰਦੇ ਰਹਿੰਦੇ ਹਨ। ਰਹਿੰਦੀ ਕਸਰ ਡਿੱਗੀਆਂ ਦੁਆਰੇ ਬਣਾਏ ਫੁੱਟਪਾਥ ਦੇ ਗੰਦੇ ਪਾਣੀ ਦੀ ਨਿਕਾਸੀ ਡਿੱਗੀਆਂ ਵਿੱਚ ਕਰਕੇ ਪੂਰੀ ਕਰ ਦਿੱਤੀ। ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਵਾਸਤੇ ਲੋਕ ਧੁੱਪੇ ਖੜ੍ਹਦੇ ਹਨ। ਨਾ ਹਵਾ ਦਾ ਪ੍ਰਬੰਧ ਹੈ ਨਾ ਪਾਣੀ ਦਾ। ਵਫ਼ਦ ਨੇ ਮੰਗ ਕੀਤੀ ਕਿ ਫਾਟਕੋ ਪਾਰ ਦੀ ਅਬਾਦੀ ਵਾਸਤੇ ਬਣਾਏ ਜਾ ਰਹੇ ਨਵੇਂ ਸੀਵਰੇਜ ਦੀ ਨਿਕਾਸੀ ਦਾ ਪ੍ਰਬੰਧ ਰੇਲਵੇ ਲਾਈਨ ਤੋਂ ਪਾਰ ਹੀ ਕੀਤਾ ਜਾਵੇ ਜਦੋਂ ਕਿ ਪਹਿਲਾਂ ਇਹ ਸ਼ਹਿਰ ਵਾਲੇ ਪਾਸੇ ਕੀਤਾ ਜਾ ਰਿਹਾ ਸੀ। ਇਸ ਨਾਲ ਸਮੱਸਿਆ ਦਾ ਹੱਲ ਹੋਣ ਦੀ ਬਜਾਏ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਚਾਲੂ ਕੰਮ ਦੇ ਸੂਚਨਾ ਬੋਰਡ ਲਾਏ ਜਾਣ ਜਿਥੇ ਕੰਮ ਦੀ ਸਮਾਂ ਸੀਮਾ, ਠੇਕੇਦਾਰ ਤੇ ਅਧਿਕਾਰੀ ਦਾ ਨਾਮ ਅਤੇ ਕੰਮ ਦੀ ਰਕਮ ਸਣੇ ਹੋਰ ਵੇਰਵੇ ਦਰਜ ਹੋਣ। ਪਾਣੀ ਸਬੰਧੀ ਜਾਣਕਾਰੀ ਲੋਕ ਸੰਪਰਕ ਵਿਭਾਗ ਰਾਹੀਂ ਆਮ ਲੋਕਾਂ ਨੂੰ ਦਿੱਤੀ ਜਾਵੇ। - ਕੀ ਕਹਿਣਾ ਅਧਿਕਾਰੀਆਂ ਦਾ- ਇਸ ਦੌਰਾਨ ਜਨ ਸਿਹਤ ਵਿਭਾਗ ਦੇ ਐੱਸਡੀਓ ਪੁਸ਼ਪਿੰਦਰ ਸਿੰਘ, ਰਮਿੰਦਰ ਸਿੰਘ ਬੇਦੀ, ਰਜਨੀਸ਼ ਕੁਮਾਰ ਸੁਪਰਡੰਟ ਅਤੇ ਜਸ਼ਨ ਕੁਮਾਰ ਜੇਈ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੜਕਾਂ ਦੇ ਨਿਰਮਾਣ ਕਾਰਨ ਦੇ ਸੂਚਨਾ ਬੋਰਡ ਲਾ ਦਿੱਤਾ ਜਾਣਗੇ। ਪੁੱਟੀਆਂ ਸੜਕਾਂ ਨੂੰ ਆਰਜ਼ੀ ਤੌਰ ’ਤੇ ਚਾਲੂ ਕਰ ਦਿੱਤਾ ਜਾਵੇਗਾ। ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ ਅਤੇ ਬਾਕੀ ਮੰਗਾਂ ਸਬੰਧੀ ਸਰਕਾਰ ਤੇ ਦੂਜੇ ਅਧਿਕਾਰੀਆਂ ਨਾਲ ਪੱਤਰ ਵਿਵਹਾਰ ਕੀਤਾ ਜਾਵੇਗਾ।