ਕੈਮਿਸਟਾਂ ਨੇ ਭਲਕੇ ਦੁਕਾਨਾਂ ਬੰਦ ਰੱਖਣ ਦਾ ਕੀਤਾ ਐਲਾਨ
ਕੈਮਿਸਟ ਐਸੋਸੀਏਸ਼ਨ ਕੋਟ ਈਸੇ ਖਾਂ ਵੱਲੋਂ
Publish Date: Mon, 18 May 2026 03:58 PM (IST)
Updated Date: Tue, 19 May 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟ ਈਸੇ ਖਾਂ : ਕੈਮਿਸਟ ਐਸੋਸੀਏਸ਼ਨ ਕੋਟ ਈਸੇ ਖਾਂ ਵੱਲੋਂ ਜਾਣਕਾਰੀ ਦਿੰਦਿਆਂ ਪ੍ਰਧਾਨ ਰਛਪਾਲ ਸਿੰਘ, ਸੈਕਟਰੀ ਗਗਨਦੀਪ ਸਿੰਘ, ਮੁਨੀਸ਼ ਅਰੋੜਾ, ਹਰਜੀਤ ਵਿਰਦੀ ਹੋਰ ਮੈਂਬਰਾਂ ਨੇ ਦੱਸਿਆ ਕਿ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸਾਂਝੇ ਸੱਦੇ ਤਹਿਤ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ 20 ਮਈ ਨੂੰ ਇਕ ਦਿਨ ਦੀ ਰਾਜਪੱਧਰੀ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਮੱਦੇਨਜ਼ਰ ਕੋਟ ਈਸੇ ਖਾਂ ਸ਼ਹਿਰ ਦੀਆਂ ਸਾਰੀਆਂ ਕੈਮਿਸਟ ਦੁਕਾਨਾਂ 20 ਮਈ ਦਿਨ ਬੁੱਧਵਾਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਫੈਸਲਾ ਕੇਂਦਰੀ ਅਤੇ ਰਾਜ ਪੱਧਰੀ ਕੈਮਿਸਟ ਸੰਗਠਨਾਂ ਵੱਲੋਂ ਲਏ ਗਏ ਸਾਂਝੇ ਫੈਸਲੇ ਅਨੁਸਾਰ ਲਿਆ ਗਿਆ ਹੈ ਅਤੇ ਇਸ ਹੜਤਾਲ ਦਾ ਮਕਸਦ ਕੈਮਿਸਟ ਭਾਈਚਾਰੇ ਨਾਲ ਜੁੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵਿਕਰੀ, ਲਾਇਸੈਂਸਿੰਗ ਪ੍ਰਕਿਰਿਆ, ਆਨਲਾਈਨ ਦਵਾਈ ਵਿਕਰੀ ਦੇ ਨਿਯਮਾਂ ਅਤੇ ਹੋਰ ਕਈ ਮਸਲਿਆਂ ਨੂੰ ਲੈ ਕੇ ਕੈਮਿਸਟ ਵਰਗ ਵਿਚ ਚਿੰਤਾ ਪਾਈ ਜਾ ਰਹੀ ਹੈ, ਜਿਸ ਦੇ ਹੱਲ ਲਈ ਇਹ ਰਾਜਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 20 ਮਈ ਨੂੰ ਜਰੂਰੀ ਦਵਾਈਆਂ ਪਹਿਲਾਂ ਹੀ ਲੈ ਲਈਆਂ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉੱਤੇ ਹੋਰ ਵੀ ਕਈ ਕੈਮਿਸਟ ਮੈਂਬਰ ਹਾਜ਼ਰ ਸਨ ਅਤੇ ਸਾਰੇ ਮੈਂਬਰਾਂ ਨੇ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ।