ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦੇ ਸਮੇਂ ’ਚ ਤਬਦੀਲੀ ਬਣੀ ਚੁਣੌਤੀ
ਪੰਜਾਬ ਵਿਚ ਲਗਾਤਾਰ ਵੱਧ
Publish Date: Mon, 25 May 2026 05:49 PM (IST)
Updated Date: Tue, 26 May 2026 04:05 AM (IST)

ਦੂਰ-ਦੁਰਾਡੇ ਤੋਂ ਆਉਣ ਵਾਲੇ ਕਰਮਚਾਰੀ ਤੇ ਆਮ ਲੋਕ ਪਰੇਸ਼ਾਨ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਵਿਚ ਲਗਾਤਾਰ ਵੱਧ ਰਹੀ ਭਿਆਨਕ ਗਰਮੀ ਅਤੇ ਹੀਟ ਵੇਵ (ਲੂ) ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅੱਜ ਸੋਮਵਾਰ ਤੋਂ ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ਦੇ ਸਮੇਂ ਵਿਚ ਵੱਡਾ ਬਦਲਾਅ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਮੋਗਾ ਸਮੇਤ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕੰਮਕਾਜ ਗਿਆ। ਸਰਕਾਰ ਦਾ ਇਹ ਫ਼ੈਸਲਾ ਇਕ ਪਾਸੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਦੁਪਹਿਰ ਦੀ ਤਪਦੀ ਗਰਮੀ ਤੋਂ ਰਾਹਤ ਦੇਣ ਵਾਸਤੇ ਲਿਆ ਗਿਆ ਹੈ ਪਰੰਤੂ ਦੂਜੇ ਪਾਸੇ ਇਸ ਨਾਲ ਕਈ ਨਵੀਆਂ ਦਿੱਕਤਾਂ ਅਤੇ ਚੁਣੌਤੀਆਂ ਵੀ ਸਾਹਮਣੇ ਆਉਣ ਲੱਗੀਆਂ ਹਨ। ਨਵੇਂ ਸਮੇਂ ਦੇ ਲਾਗੂ ਹੋਣ ਨਾਲ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੁਣ ਸਵੇਰੇ ਕਾਫ਼ੀ ਜਲਦੀ ਆਪਣੇ ਘਰਾਂ ਤੋਂ ਨਿਕਲਣਾ ਪੈ ਰਿਹਾ ਹੈ। ਖ਼ਾਸ ਤੌਰ ’ਤੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰਾਂ ਜਾਂ ਹੋਰ ਸਰਕਾਰੀ ਅਦਾਰਿਆਂ ਵਿਚ ਆਉਣ ਵਾਲੇ ਮੁਲਾਜ਼ਮਾਂ ਲਈ ਇਹ ਸਮਾਂ ਵੱਡੀ ਚੁਣੌਤੀ ਬਣ ਗਿਆ ਹੈ। ਕਈ ਕਰਮਚਾਰੀਆਂ ਨੇ ਦੱਸਿਆ ਕਿ ਸਵੇਰੇ 7.30 ਵਜੇ ਤੱਕ ਦਫ਼ਤਰ ਪਹੁੰਚਣਾ ਆਸਾਨ ਨਹੀਂ ਕਿਉਂਕਿ ਜਨਤਕ ਆਵਾਜਾਈ ਦੇ ਸਾਧਨ ਹਰ ਥਾਂ ਸਮੇਂ ਸਿਰ ਉੱਪਲਬਧ ਨਹੀਂ ਹੁੰਦੇ। ਇਸ ਕਾਰਨ ਉਨ੍ਹਾਂ ਨੂੰ ਸਵੇਰੇ ਬਹੁਤ ਜਲਦੀ ਉੱਠ ਕੇ ਤਿਆਰੀ ਕਰਨੀ ਪੈਂਦੀ ਹੈ। ਦੂਜੇ ਪਾਸੇ ਆਮ ਲੋਕਾਂ ਨੂੰ ਵੀ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਪਹਿਲਾਂ ਨਾਲੋਂ ਕਾਫ਼ੀ ਜਲਦੀ ਘਰੋਂ ਨਿਕਲਣਾ ਪੈ ਰਿਹਾ ਹੈ। ਪਿੰਡਾਂ ਤੋਂ ਸ਼ਹਿਰਾਂ ’ਚ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਬੱਸਾਂ ਅਤੇ ਹੋਰ ਜਨਤਕ ਟਰਾਂਸਪੋਰਟ ਦੇ ਸਮੇਂ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਇੰਨੀ ਜਲਦੀ ਸਰਕਾਰੀ ਦਫ਼ਤਰਾਂ ’ਚ ਪਹੁੰਚਣਾ ਹਰ ਕਿਸੇ ਲਈ ਸੰਭਵ ਨਹੀਂ ਹੋਵੇਗਾ, ਖ਼ਾਸ ਕਰਕੇ ਉਨ੍ਹਾਂ ਲਈ ਜੋ ਦੂਰਦਰਾਜ਼ ਇਲਾਕਿਆਂ ਤੋਂ ਆਉਂਦੇ ਹਨ। ਇਸ ਨਵੇਂ ਦਫ਼ਤਰੀ ਸਮੇਂ ਦਾ ਸਭ ਤੋਂ ਵੱਧ ਅਸਰ ਮਹਿਲਾ ਮੁਲਾਜ਼ਮਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ। ਕੰਮਕਾਜੀ ਔਰਤਾਂ ਲਈ ਸਵੇਰੇ 7:30 ਵਜੇ ਤੱਕ ਦਫ਼ਤਰ ਪਹੁੰਚਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਵਧੇਰੇ ਮਹਿਲਾ ਕਰਮਚਾਰੀਆਂ ਨੂੰ ਸਵੇਰੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ, ਉਨ੍ਹਾਂ ਦੇ ਟਿਫ਼ਨ ਬਣਾਉਣੇ, ਘਰ ਦੇ ਹੋਰ ਜ਼ਰੂਰੀ ਕੰਮ ਨਿਪਟਾਉਣੇ ਅਤੇ ਫਿਰ ਸਮੇਂ ਸਿਰ ਦਫ਼ਤਰ ਪਹੁੰਚਣਾ ਪੈਂਦਾ ਹੈ। ਕਈ ਔਰਤਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਸਮੇਂ ਅਤੇ ਸਰਕਾਰੀ ਦਫ਼ਤਰਾਂ ਦੇ ਨਵੇਂ ਸਮੇਂ ਵਿਚ ਤਾਲਮੇਲ ਬਿਠਾਉਣਾ ਉਨ੍ਹਾਂ ਲਈ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਘਰ ਵਿਚ ਬਜ਼ੁਰਗਾਂ ਦੀ ਦੇਖਭਾਲ, ਸਵੇਰੇ ਖਾਣਾ ਤਿਆਰ ਕਰਨਾ, ਸਫ਼ਾਈ ਅਤੇ ਹੋਰ ਘਰੇਲੂ ਜ਼ਿੰਮੇਵਾਰੀਆਂ ਵੀ ਜ਼ਿਆਦਾਤਰ ਔਰਤਾਂ ਦੇ ਸਿਰ ਹੁੰਦੀਆਂ ਹਨ। ਅਜਿਹੇ ਵਿਚ ਦਫ਼ਤਰ ਦੇ ਨਵੇਂ ਸਮੇਂ ਨੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਹੋਰ ਵੱਧ ਦਬਾਅ ਪੈਦਾ ਕਰ ਦਿੱਤਾ ਹੈ। ਕਈ ਮਹਿਲਾ ਮੁਲਾਜ਼ਮਾਂ ਨੇ ਕਿਹਾ ਕਿ ਹਾਲਾਂਕਿ ਦੁਪਹਿਰ ਦੀ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ ਪਰ ਸਵੇਰ ਦੀ ਭੱਜਦੌੜ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣਾ ਹੁਣ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਜਾਵੇਗਾ। ਕਈ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਦਫ਼ਤਰੀ ਸਮੇਂ ਵਿਚ ਤਬਦੀਲੀ ਕੀਤੀ ਹੈ ਤਾਂ ਜਨਤਕ ਟਰਾਂਸਪੋਰਟ ਦੇ ਸਮਿਆਂ ਵਿਚ ਵੀ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਵੇਰੇ ਦਫ਼ਤਰਾਂ ਤੱਕ ਪਹੁੰਚਣ ਵਿਚ ਦਿੱਕਤ ਨਾ ਆਵੇ। ਉੱਧਰ ਕੁੱਝ ਲੋਕਾਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਅਤੇ ਕਿਹਾ ਕਿ ਭਿਆਨਕ ਗਰਮੀ ਤੋਂ ਬਚਾਅ ਲਈ ਇਹ ਕਦਮ ਜ਼ਰੂਰੀ ਸੀ। ਫ਼ਿਲਹਾਲ ਨਵੇਂ ਸਮੇਂ ਨੂੰ ਲੈ ਕੇ ਲੋਕਾਂ ਵਿਚ ਮਿਲੇ-ਜੁਲੇ ਪ੍ਰਤੀਕਰਮ ਵੇਖਣ ਨੂੰ ਮਿਲ ਰਹੇ ਹਨ। ਇਕ ਪਾਸੇ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਜਦਕਿ ਦੂਜੇ ਪਾਸੇ ਸਵੇਰੇ ਦੀ ਜਲਦਬਾਜ਼ੀ ਅਤੇ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਨੇ ਨਵੀਆਂ ਚਿੰਤਾਵਾਂ ਨੂੰ ਜਨਮ ਦੇ ਦਿੱਤਾ ਹੈ।