ਗੱਤਕਾ ਚੈਂਪੀਅਨਸ਼ਿਪ 1 ਮਈ ਤੋਂ ਕੋਟਕਪੂਰਾ ’ਚ ਹੋਵੇਗੀ
ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 1 ਤੋਂ 3 ਮਈ ਤੱਕ ਕੋਟਕਪੂਰਾ ’ਚ ਹੋਵੇਗੀ : ਬਰਾੜ/ਢਿੱਲੋਂ
Publish Date: Mon, 27 Apr 2026 03:45 PM (IST)
Updated Date: Tue, 28 Apr 2026 04:01 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਸਹਿਯੋਗ ਨਾਲ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 2026 (ਲੜਕੀਆਂ) 1 ਤੋਂ 3 ਮਈ ਤੱਕ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਨੇੜੇ ਢਿੱਲਵਾਂ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਕਰਵਾਈ ਜਾ ਰਹੀ ਹੈ। ਉਕਤ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਤਿੰਨ ਰੋਜ਼ਾ ਚੈਂਪੀਅਨਸ਼ਿਪ ਸੂਬੇ ਭਰ ਦੀਆਂ ਉਨ੍ਹਾਂ ਹੋਣਹਾਰ ਖਿਡਾਰਨਾਂ ਨੂੰ ਇੱਕ ਢੁਕਵਾਂ ਮੰਚ ਪ੍ਰਦਾਨ ਕਰੇਗੀ ਜੋ ਇਸ ਪ੍ਰਾਚੀਨ ਸਿੱਖ ਜੰਗਜੂ ਕਲਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ। ਇਹ ਪ੍ਰਤੀਯੋਗਤਾ ਯੁੱਧ ਕਲਾ, ਸਵੈ-ਜ਼ਾਬਤਾ, ਮਰਿਆਦਾ ਅਤੇ ਪ੍ਰੰਪਰਾ ਦਾ ਇੱਕ ਅਨੋਖਾ ਸੁਮੇਲ ਪੇਸ਼ ਕਰੇਗੀ। ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਸਾਰੇ ਜ਼ਿਲਿ੍ਹਆਂ ਦੀਆਂ ਟੀਮਾਂ 1 ਮਈ ਨੂੰ ਨਿਰਧਾਰਿਤ ਸਥਾਨ ’ਤੇ ਪਹੁੰਚਣਗੀਆਂ ਅਤੇ ਮੁਕਾਬਲੇ 2 ਮਈ ਨੂੰ ਸਵੇਰੇ 9:00 ਵਜੇ ਉਦਘਾਟਨੀ ਸਮਾਰੋਹ ਦੌਰਾਨ ਵਿਧੀਵਤ ਰੂਪ ਵਿੱਚ ਆਰੰਭ ਹੋਣਗੇ। ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ 3 ਮਈ ਨੂੰ ਹੋਵੇਗਾ, ਜਿਸ ਵਿੱਚ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ। ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਚੇਅਰਮੈਨ ਕੁਲਤਾਰ ਸਿੰਘ ਬਰਾੜ, ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਕੋਆਰਡੀਨੇਟਰ ਨਰਿੰਦਰਪਾਲ ਸਿੰਘ ਪਾਰਸ ਦੀ ਅਗਵਾਈ ਹੇਠ ਹੋਣ ਵਾਲੇ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਾਰੇ ਜ਼ਿਲਿ੍ਹਆਂ ਦੀਆਂ ਲੜਕੀਆਂ ਦੀਆਂ ਟੀਮਾਂ ਅੰਡਰ-14, 17, 19, 22 ਅਤੇ ਅੰਡਰ-25 ਉਮਰ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ, ਜਿਸ ਨਾਲ ਹਰ ਉਮਰ ਦੀਆਂ ਖਿਡਾਰਨਾਂ ਨੂੰ ਆਪਣੀ ਸਮਰੱਥਾ ਪਰਖਣ ਦਾ ਸੁਨਹਿਰੀ ਮੌਕਾ ਮਿਲੇਗਾ। ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਉਪ-ਪ੍ਰਧਾਨ ਸਰਬਜੀਤ ਸਿੰਘ ਸਮੇਤ ਕੋਚ ਹਰਸਿਮਰਨ ਸਿੰਘ ਅਤੇ ਸ਼ੈਰੀ ਸਿੰਘ ਨੇ ਦੱਸਿਆ ਕਿ ਸ਼੍ਰੇਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਸਾਰੀਆਂ ਜੇਤੂ ਟੀਮਾਂ ਅਤੇ ਉੱਤਮ ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫ਼ੀਕੇਟ ਪ੍ਰਦਾਨ ਕੀਤੇ ਜਾਣਗੇ।