ਪੰਜਾਬ ਵਿਚ ਹਾਲ ਹੀ ਵਿਚ ਹੋਈ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ: ਪੰਜਾਬ ਵਿਚ ਹਾਲ ਹੀ ਵਿਚ ਹੋਈ ਅਚਾਨਕ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸੰਦਰਭ ਵਿਚ ਕੇਂਦਰ ਦੀਆਂ ਖਰੀਦ ਏਜੰਸੀਆਂ ਵੱਲੋਂ ਪ੍ਰਭਾਵਿਤ ਕਣਕ ਖ਼ਰੀਦਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਨੇ ਕਿਸਾਨਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਇਸ ਮਾਮਲੇ ’ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਸਰਕਾਰ ਦੀ ਅਣਦੇਖੀ ਉਨ੍ਹਾਂ ਲਈ ਦੂਜੀ ਵੱਡੀ ਮਾਰ ਸਾਬਤ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਇਕ ਕੁਦਰਤ ਦੀ ਮਾਰ, ਦੂਜਾ ਬੇਈਮਾਨ ਸਰਕਾਰ ਇਕ ਪਾਸੇ ਕੁਦਰਤ ਨੇ ਕਿਸਾਨਾਂ ਦੀ ਮਿਹਨਤ ਉਜਾੜ ਦਿੱਤੀ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਨੀਤੀਆਂ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਰਹੀਆਂ ਹਨ। ਸੁੱਖ ਗਿੱਲ ਮੋਗਾ ਨੇ ਦੋਸ਼ ਲਗਾਇਆ ਕਿ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਨਮੀ ਅਤੇ ਦਾਣੇ ਦੀ ਖ਼ਰਾਬ ਗੁਣਵੱਤਾ ਦਾ ਹਵਾਲਾ ਦੇ ਕੇ ਕਣਕ ਖ਼ਰੀਦਣ ਤੋਂ ਮੁੱਕਰ ਰਹੀਆਂ ਹਨ।
ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਘੱਟ ਭਾਅ ’ਤੇ ਵੇਚਣ ਲਈ ਸਰਕਾਰਾਂ ਮਜ਼ਬੂਰ ਕਰ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਫ਼ਸਲਾਂ ਨੂੰ ਤੁਰੰਤ ਖ਼ਰੀਦਿਆ ਜਾਵੇ ਅਤੇ ਗੁਣਵੱਤਾ ਮਿਆਰਾਂ ਵਿਚ ਰਾਹਤ ਦਿੱਤੀ ਜਾਵੇ, ਇਸ ਦੇ ਨਾਲ ਹੀ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਮੰਡੀਆਂ ਵਿਚ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ। ਕਿਸਾਨ ਆਗੂਆਂ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ, ਦਲਜੀਤ ਸਿੰਘ ਦਾਨੇਵਾਲਾ ਜਨਰਲ ਸਕੱਤਰ ਪੰਜਾਬ, ਬਲਵਿੰਦਰ ਸਿੰਘ ਮੂਸੇਵਾਲਾ ਕੋਰ ਕਮੇਟੀ ਮੈਂਬਰ ਪੰਜਾਬ, ਗੁਰਚਰਨ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਮੋਗਾ, ਤਰਨਜੀਤ ਸਿੰਘ ਕਰਮੂੰਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਸੁਖਦੇਵ ਸਿੰਘ ਗੜਦੀਵਾਲਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਮਲਕੀਤ ਸਿੰਘ ਸ਼ਾਹਕੋਟ ਜ਼ਿਲ੍ਹਾ ਪ੍ਰਧਾਨ ਜਲੰਧਰ, ਸੁੱਖ ਮੱਲ੍ਹੀ ਕੋਰ ਕਮੇਟੀ ਮੈਂਬਰ ਪੰਜਾਬ, ਕਾਲਾ ਬੀਬੜੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਨਾਮ ਸਿੰਘ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਨਿਸ਼ਾਨ ਸਿੰਘ ਤਰਮਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ, ਰਾਮ ਸਿੰਘ ਮੱਲ੍ਹੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਸੇਵਾ ਸਿੰਘ ਚੰਡੀਗੜ੍ਹ ਜ਼ਿਲ੍ਹਾ ਪ੍ਰਧਾਨ ਮੋਹਾਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ ਤਾਂ ਜੋ ਉਹ ਆਰਥਿਕ ਸੰਕਟ ਤੋਂ ਬਚ ਸਕਣ।