ਸਿਹਤ ਵਿਭਾਗ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ

ਚਾਨਾ ਪੰਜਾਬੀ ਜਾਗਰਣ ਫਰੀਦਕੋਟ, ਸਿਹਤ ਵਿਭਾਗ ਫਰੀਦਕੋਟ ਵੱਲੋਂ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਯੋਗ ਅਗਵਾਈ ਹੇਠ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਆਪਣੇ ਬਲੱਡ ਪ੍ਰੈਸ਼ਰ ਨੂੰ ਜਾਨਣਾ ਅਤੇ ਕੰਟਰੋਲ ਚ ਰੱਖਣਾ ਬਹੁਤ ਜਰੂਰੀ ਹੈ। ਜਿਆਦਾ ਬਲੱਡ ਪ੍ਰੈਸ਼ਰ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸਦੀ ਵਜ੍ਹਾ ਨਾਲ ਗੁਰਦਿਆਂ ਦੀ ਬਿਮਾਰੀ, ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ, ਚੁੱਪ ਚਪੀਤੇ ਦਿਲ ਦਾ ਦੌਰਾ ਅਤੇ ਅਧਰੰਗ ਦਾ ਦੌਰਾ ਵੀ ਪੈ ਸਕਦਾ ਹੈ। ਇਸ ਤੋਂ ਬਚਾਅ ਲਈ ਸਰੀਰਕ ਭਾਰ ਨੂੰ ਕਾਬੂ ਹੇਠ ਰੱਖੋ, ਨਮਕ ਅਤੇ ਚੀਨੀ/ ਸ਼ੱਕਰ ਦੀ ਵਰਤੋਂ ਘੱਟ, ਤਲੀਆਂ ਚੀਜਾਂ ਅਤੇ ਬਜਾਰੀ ਖਾਣੇ( ਫਾਸਟ ਫੂਡ ਆਦਿ ਤੋਂ ਪ੍ਰਹੇਜ, ਸਿਗਰਟ ਨੋਸ਼ੀ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਵਾਈ ਆਪਣੀ ਮਰਜੀ ਨਾਲ ਨਹੀਂ ਛੱਡਣੀ ਚਾਹੀਦੀ ਅਤੇ ਨਾ ਹੀ ਨਾਗਾ ਪਾਉਣਾ ਚਾਹੀਦਾ ਹੈ। ਬਲੱਡ ਪ੍ਰੈਸ਼ਰ ਸਬੰਧੀ ਡਾਕਟਰੀ ਸਲਾਹ ਅਤੇ ਇਲਾਜ ਸਬੰਧੀ ਅਣਗਹਿਲੀ ਨਾ ਵਰਤੋ। ਅੰਧ ਵਿਸ਼ਵਾਸ਼ ਅਤੇ ਨੀਮ ਹਕੀਮਾਂ ਦੇ ਇਲਾਜ ਤੋਂ ਬੱਚਣਾ ਚਾਹੀਦਾ ਹੈ। ਆਪਣੇ ਰੋਜਾਨਾ ਦੇ ਜੀਵਨ ਵਿੱਚ ਹਰ ਰੋਜ 30 ਤੋਂ 40 ਮਿੰਟ ਸੈਰ/ਕਸਰਤ, ਵਾਹਨ ਜਿਵੇਂ ਕਿ ਸਕੂਟਰ ਅਤੇ ਕਾਰ ਆਦਿ ਦੀ ਵਰਤੋਂ ਘਟਾਕੇ ਨੇੜੇ ਆਉਣ ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੋ, ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਜਿਆਦਾ ਕਰੋ। ਯੋਗਾ ਕਰਕੇ ਮਾਨਸਿਕ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਹਰੀਆਂ ਸਬਜੀਆਂ, ਮੌਸਮੀ ਫਲਾਂ ਅਤੇ ਸਲਾਦ ਦੀ ਵਰਤੋਂ ਕਰੋ। ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਮੁਫਤ ਕਰਵਾਉ। ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ ਨੇ ਦੱਸਿਆ ਕਿ ਕਵੇਲੇ ਸੌਣਾ ਅਤੇ ਜਾਗਣਾ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਨਾ ਹੋਣਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਸੱਦਾ ਦੇਣਾ ਹੈ। ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਸਿਰ ਦਰਦ, ਚੱਕਰ ਆਉਣ ਜਾਂ ਧੜਕਣ ਤੇਜ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਇਹ ਬਲੱਡ ਪ੍ਰੈਸ਼ਰ ਦੇ ਲੱਛਣ ਹੋ ਸਕਦੇ ਹਨ। ਬਲੱਡ ਪ੍ਰੈਸ਼ਰ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਠੀਕ ਮਹਿਸੂਸ ਕਰਨ ਵਾਲੇ ਵਿਅਕਤੀ ਦਾ ਵੀ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ। ਉਹਨਾਂ ਦੱਸਿਆ ਕਿ ਗੈਰ ਸੰਚਾਰੀ ਰੋਗ ਪ੍ਰੋਗਰਾਮ ਅਧੀਨ ਪਿੰਡਾਂ ਵਿੱਚ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਅ ਲਈ ਟੋਲ ਫਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਸੀਨੀਅਰ ਫਾਰਮੇਸੀ ਅਫਸਰ ਸੰਜੀਵ ਸਿੰਗਲਾ, ਸ਼ਿਵਜੀਤ ਸਿੰਘ ਸੰਘਾ, ਫੈਸਿਲਟੀ ਮੈਨੇਜਰ ਵੀਰਪਾਲ ਕੌਰ ਅਤੇ ਨਰਸਿੰਗ ਵਿਦਿਆਰਥੀ ਹਾਜਰ ਸਨ। ਅੰਤ ਵਿੱਚ ਨਰਸਿੰਗ ਵਿਦਿਆਰਥਣਾਂ ਵੱਲੋਂ ਬਲੱਡ ਪ੍ਰੈਸ਼ਰ ਨੂੰ ਨਿਯਮਿਤ ਰੱਖਣ ਅਤੇ ਚੰਗੀ ਖੁਰਾਕ ਸਬੰਧੀ ਚਾਰਟ ਬਣਾ ਕੇ ਪ੍ਰਦਰਸ਼ਿਤ ਕੀਤੇ ਗਏ।