ਰਾਘਵ ਦੇ ਘਰ ਰਾਤ ਇਕ ਵਜੇ ਤੱਕ ਚੱਲੀ ਸੀਬੀਆਈ ਦੀ ਰੇਡ
ਰਾਘਵ ਦੇ ਘਰ ਰਾਤ ਇੱਕ ਵਜੇ ਤੱਕ ਚੱਲੀ ਸੀਬੀਆਈ ਦੀ ਰੇਡ, ਦਸਤਾਵੇਜ਼ ਤੇ ਨਕਦੀ ਲਈ ਕਬਜ਼ੇ ’ਚ
Publish Date: Tue, 12 May 2026 06:12 PM (IST)
Updated Date: Wed, 13 May 2026 04:06 AM (IST)

- ਦਸਤਾਵੇਜ਼ ਤੇ ਨਕਦੀ ਲਈ ਕਬਜ਼ੇ ’ਚ, ਭਾਜਪਾ ਵਰਕਰ ਹੈ ਮਲੋਟ ਦਾ ਰਾਘਵ ਗੋਇਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ (ਸ੍ਰੀ ਮੁਕਤਸਰ ਸਾਹਿਬ) : ਸੋਮਵਾਰ ਦੇਰ ਰਾਤ ਵਾਟਰ ਵਰਕਸ ਰੋਡ ’ਤੇ ਡੀਐੱਸਪੀ ਪਵਿੱਤਰ ਸਿੰਘ ਦੀ ਅਗਵਾਈ ’ਚ ਚੰਡੀਗੜ੍ਹ ਸੀਬੀਆਈ ਦੀ ਟੀਮ ਵੱਲੋਂ ਭਾਜਪਾ ਵਰਕਰ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਕੀਤੀ ਗਈ ਛਾਪੇਮਾਰੀ ਦੌਰਾਨ ਰਾਘਵ ਗੋਇਲ ਤੇ ਉਸ ਦੇ ਪਿਤਾ ਵਿਕਾਸ ਗੋਇਲ ਘਰ ’ਚ ਮੌਜੂਦ ਨਹੀਂ ਸਨ। ਇਹ ਛਾਪੇਮਾਰੀ ਐੱਫਆਈਆਰ ਨੰਬਰ 12/26 ਮਿਤੀ 11.05.2026, ਪੀਸੀ ਐਕਟ, ਥਾਣਾ ਸੀਬੀਆਈ ਚੰਡੀਗੜ੍ਹ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਟੀਮ ਰਾਤ ਕਰੀਬ ਸਾਢੇ ਨੌਂ ਵਜੇ ਮਲੋਟ ਪਹੁੰਚੀ ਤੇ ਰਾਤ 1 ਵਜੇ ਤੱਕ ਘਰ ਅੰਦਰ ਜਾਂਚ ਜਾਰੀ ਰਹੀ। ਸੂਤਰਾਂ ਮੁਤਾਬਕ ਟੀਮ ਆਪਣੇ ਨਾਲ ਕੁਝ ਅਹਿਮ ਦਸਤਾਵੇਜ਼ ਤੇ ਨਕਦੀ ਲੈ ਕੇ ਗਈ ਹੈ। ਰਾਘਵ ਤੇ ਉਸ ਦਾ ਪਿਤਾ ਵਿਕਾਸ ਗੋਇਲ ਕੰਸਟਰੱਕਸ਼ਨ ਠੇਕੇਦਾਰ ਹਨ ਤੇ ਸੜਕਾਂ ਬਣਾਉਣ ਦੇ ਠੇਕੇ ਲੈਂਦੇ ਹਨ। ਰਾਘਵ ਭਾਜਪਾ ਦਾ ਵਰਕਰ ਹੈ ਤੇ ਕੇਂਦਰ ਸਰਕਾਰ ਦੇ ਵੱਡੇ ਭਾਜਪਾ ਆਗੂਆਂ ਨਾਲ ਆਪਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਰਾਘਵ ਨੂੰ ਸਰਕਾਰੀ ਸੁਰੱਖਿਆ ਵੀ ਮਿਲੀ ਹੋਈ ਹੈ, ਜਿਸ ਕਾਰਨ ਇਲਾਕੇ ’ਚ ਉਸ ਦਾ ਕਾਫੀ ਦਬਦਬਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਵੱਲੋਂ ਇਹ ਰੇਡ ਪ੍ਰਾਪਰਟੀ ਨਾਲ ਜੁੜੀ ਕਿਸੇ ਕਥਿਤ ਰਿਸ਼ਵਤ ਡੀਲ ਦੇ ਮਾਮਲੇ ’ਚ ਕੀਤੀ ਗਈ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ਰਾਘਵ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ।