ਬਰਗਾੜੀ ਨੇੜੇ ਐੱਲਪੀਜੀ ਲੈ ਕੇ ਜਾ ਰਿਹਾ ਕੈਂਟਰ ਪਲਟਿਆ
ਪਿੰਡ ਬਰਗਾੜੀ ਨੇੜੇ ਐਲ.ਪੀ.ਜੀ ਗੈਸ ਲੈ ਕੇ ਜਾ ਰਿਹਾ ਕੈਂਟਰ ਪਲਟਿਆ, ਰੋਕੀ ਗਈ ਆਵਾਜਾਈ
Publish Date: Sun, 17 May 2026 03:31 PM (IST)
Updated Date: Mon, 18 May 2026 04:01 AM (IST)

ਅਮਨ ਗੁਲਾਟੀ ਪੰਜਾਬੀ ਜਾਗਰਣ ਬਰਗਾੜੀ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਬਰਗਾੜੀ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦ ਭਾਰਤ ਪੈਟਰੋਲੀਅਮ ਦਾ ਐਲ.ਪੀ.ਜੀ. ਗੈਸ ਨਾਲ ਭਰਿਆ ਕੈਂਟਰ ਸੜਕ ’ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਐਲ.ਪੀ.ਜੀ. ਗੈਸ ਦਾ ਇਹ ਕੈਂਟਰ ਬਠਿੰਡਾ ਤੋਂ ਸ਼੍ਰੀਨਗਰ ਜਾ ਰਿਹਾ ਸੀ ਕਿ ਦੁਪਹਿਰ ਸਮੇਂ ਜਦ ਇਹ ਬਰਗਾੜੀ ਦੇ ਬਾਹਰਵਾਰ ਪੁੱਜਿਆ ਤਾਂ ਇਹ ਪਲਟ ਗਿਆ। ਇਸ ਹਾਦਸੇ ਵਿੱਚ ਕੈਂਟਰ ਡਰਾਈਵਰ ਮੁਹੰਮਦ ਮੁਜ਼ਮਿਲ ਸੋਹਿਲ ਵਾਲ-ਵਾਲ ਬਚ ਗਿਆ, ਜੋ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕੈਂਟਰ ਪਲਟਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਲੰਭਵਾਲੀ ਵਜੋਂ ਹੋਈ ਹੈ, ਜਿਸਨੂੰ ਸੜਕ ਸੁਰੱਖਿਆ ਦੀ ਟੀਮ ਨੇ ਤੁਰਤ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਚੌਂਕੀ ਬਰਗਾੜੀ ਦੇ ਇੰਚਾਰਜ ਗੁਰਮੇਜ ਸਿੰਘ ਸੰਧੂ ਪੁਲਿਸ ਟੀਮ ਸਮੇਤ ਤੁਰਤ ਮੌਕੇ ’ਤੇ ਪਹੁੰਚੇ ਅਤੇ ਕੋਟਕਪੂਰਾ ਫਾਇਰਬ੍ਰਿਗੇਡ ਦੀ ਇਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਸੂਚਨਾ ਮਿਲਦੇ ਹੀ ਫਾਇਰਬ੍ਰਿਗੇਡ ਦੀ ਟੀਮ ਦੋ ਗੱਡੀਆਂ ਨਾਲ ਮੌਕੇ ’ਤੇ ਪਹੁੰਚ ਗਈ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਂਟਰ ਦੇ ਆਲੇ-ਦੁਆਲੇ ਫੋਮ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦੇ ਬਰਗਾੜੀ ਚੌਂਕੀ ਦੇ ਡਿਊਟੀ ਅਫਸਰ ਅਤੇ 112 ਟੀਮ ਵੀ ਮੌਕੇ ’ਤੇ ਮੌਜੂਦ ਸੀ। ਪੁਲਿਸ ਨੇ ਆਵਾਜਾਈ ਨੂੰ ਡਾਈਵਰਟ ਕਰ ਦਿੱਤਾ ਅਤੇ ਲੋਕਾਂ ਨੂੰ ਵਾਹਨ ਦੇ ਨੇੜੇ ਜਾਣ ਤੋਂ ਸਖ਼ਤੀ ਨਾਲ ਰੋਕਿਆ ਗਿਆ।