ਜੈਤੋ ਵਾਰਡ ਨੰਬਰ-10 ਦੀ ਹੌਟ ਸੀਟ ’ਤੇ ਕਾਂਗਰਸ ਦਾ ਕਬਜ਼ਾ

- ਬਾਗੀ ਸ਼ਰਮਾ ਨੇ 96 ਵੋਟਾਂ ਦੇ ਫ਼ਰਕ ਨਾਲ ਦਰਜ ਕੀਤੀ ਸ਼ਾਨਦਾਰ ਜਿੱਤ
- ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੀ ਰਣਨੀਤੀ ਤੇ ਦਿਨ-ਰਾਤ ਦੀ ਮਿਹਨਤ ਰੰਗ ਲਿਆਈ
ਭੋਲਾ ਸ਼ਰਮਾ, ਪੰਜਾਬੀ ਜਾਗਰਣ
ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ-10 ਦੀ ਸੀਟ ਪੂਰੇ ਹਲਕੇ ਦੀ ਸਭ ਤੋਂ ਵਕਾਰੀ, ਹੌਟ ਅਤੇ ਚਰਚਿਤ ਸੀਟ ਬਣੀ ਹੋਈ ਸੀ, ਜਿੱਥੇ ਕਾਂਗਰਸ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਆਪਣੀ ਮਜ਼ਬੂਤ ਸਿਆਸੀ ਪਕੜ ਦਾ ਅਹਿਸਾਸ ਕਰਵਾਇਆ। ਇਸ ਵਾਰਡ ਤੋਂ ਚੋਣ ਮੈਦਾਨ ਵਿਚ ਉਤਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਦਿਲਬਾਗ ਸ਼ਰਮਾ ਉਰਫ਼ ਬਾਗੀ ਸ਼ਰਮਾ ਪੁੱਤਰ ਸਵਰਗਵਾਸੀ ਸ਼ਾਮ ਲਾਲ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਕਰਾਰੀ ਟੱਕਰ ਦਿੰਦਿਆਂ ਸ਼ਾਨਦਾਰ ਅਤੇ ਯਾਦਗਾਰ ਜਿੱਤ ਹਾਸਿਲ ਕੀਤੀ। ਦਿਲਬਾਗ ਸ਼ਰਮਾ ਬਾਗੀ ਨੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੇ ਕਰੀਬੀ ਮੰਨੇ ਜਾਂਦੇ ਉਮੀਦਵਾਰ ਅੰਕੁਸ਼ ਬਾਂਸਲ ਨੂੰ 96 ਵੋਟਾਂ ਦੇ ਮਹੱਤਵਪੂਰਨ ਫ਼ਰਕ ਨਾਲ ਹਰਾਇਆ। ਇਸ ਜਿੱਤ ਨਾਲ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਤ ਦੀ ਖ਼ਬਰ ਮਿਲਦਿਆਂ ਹੀ ਸਮਰਥਕਾਂ ਵੱਲੋਂ ਪਟਾਕੇ ਚਲਾ ਕੇ, ਢੋਲ ਦੀ ਧੁਨ ’ਤੇ ਭੰਗੜੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਜ਼ਬਰਦਸਤ ਜਸ਼ਨ ਮਨਾਇਆ ਗਿਆ। ਜੇਤੂ ਉਮੀਦਵਾਰ ਦਿਲਬਾਗ ਸ਼ਰਮਾ ‘ਬਾਗੀ’ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਵਾਰਡ ਨੰਬਰ-10 ਦੀ ਇਹ ਸੀਟ ਚੋਣਾਂ ਦੇ ਐਲਾਨ ਤੋਂ ਹੀ ਚਰਚਾ ਦਾ ਕੇਂਦਰ ਬਣੀ ਹੋਈ ਸੀ। ਇਸ ਸੀਟ ’ਤੇ ਪੂਰੇ ਜੈਤੋ ਹਲਕੇ ਦੇ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ, ਕਿਉਂਕਿ ਇਸ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਿੱਧੀ ਸਿਆਸੀ ਟੱਕਰ ਵਜੋਂ ਵੇਖਿਆ ਜਾ ਰਿਹਾ ਸੀ। ਸਿਆਸੀ ਹਲਕਿਆਂ ਵਿਚ ਇਹ ਸੀਟ ਦੋਵਾਂ ਧਿਰਾਂ ਲਈ ਇਜ਼ਤ ਅਤੇ ਵਕਾਰ ਦਾ ਸਵਾਲ ਬਣ ਚੁੱਕੀ ਸੀ। ਇਸ ਹੌਟ ਸੀਟ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਸੀ ਅਤੇ ਸ਼ਹਿਰ ਦੇ ਚੌਰਾਹਿਆਂ ਤੋਂ ਲੈ ਕੇ ਚਾਹ ਦੀਆਂ ਦੁਕਾਨਾਂ ਤੱਕ ਇਸ ਚੋਣ ਦੀ ਹੀ ਚਰਚਾ ਛਿੜੀ ਰਹੀ। ਚੋਣ ਪ੍ਰਚਾਰ ਦੌਰਾਨ ਵਿਧਾਇਕ ਅਮੋਲਕ ਸਿੰਘ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਦਿਨ-ਰਾਤ ਮਿਹਨਤ ਕੀਤੀ ਗਈ। ਦੋਵਾਂ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਅਤੇ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਚਰਮ ’ਤੇ ਪਹੁੰਚਾ ਦਿੱਤਾ। ਇਸ ਸੀਟ ਨੂੰ ਲੈ ਕੇ ਸਿਆਸੀ ਮਾਹੌਲ ਇੰਨਾ ਗਰਮਾਇਆ ਹੋਇਆ ਸੀ ਕਿ ਲੋਕਾਂ ਵਿਚ ਵੱਡੀਆਂ-ਵੱਡੀਆਂ ਸ਼ਰਤਾਂ ਤੱਕ ਲੱਗੀਆਂ ਹੋਈਆਂ ਸਨ। ਸਿਆਸੀ ਮਾਹਿਰਾਂ ਅਨੁਸਾਰ ਇਸ ਜਿੱਤ ਨੇ ਜੈਤੋ ਹਲਕੇ ਦੀ ਸਿਆਸਤ ਵਿਚ ਕਾਂਗਰਸ ਪਾਰਟੀ ਨੂੰ ਨਵੀਂ ਤਾਕਤ ਦਿੱਤੀ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਇਹ ਜਿੱਤ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੀ ਮਜ਼ਬੂਤ ਰਣਨੀਤੀ, ਲੋਕਾਂ ਨਾਲ ਜੁੜਾਅ ਅਤੇ ਵਰਕਰਾਂ ਦੀ ਇਕਜੁੱਟਤਾ ਦਾ ਨਤੀਜਾ ਹੈ। ਜਿੱਤ ਤੋਂ ਬਾਅਦ ਗੱਲਬਾਤ ਕਰਦਿਆਂ ਦਿਲਬਾਗ ਸ਼ਰਮਾ ਬਾਗੀ ਨੇ ਕਿਹਾ ਕਿ ਇਹ ਜਿੱਤ ਵਾਰਡ ਵਾਸੀਆਂ ਦੇ ਪਿਆਰ, ਭਰੋਸੇ ਅਤੇ ਕਾਂਗਰਸ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਨੇ ਉਨ੍ਹਾਂ ’ਤੇ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਣਗੇ ਅਤੇ ਵਾਰਡ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਵਾਰਡ ਦੇ ਹਰ ਵਰਗ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਆਪਣੀ ਜਿੱਤ ਦਾ ਸਿਹਰਾ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਮੂਹ ਕਾਂਗਰਸੀ ਆਗੂਆਂ, ਵਰਕਰਾਂ ਅਤੇ ਵਾਰਡ ਵਾਸੀਆਂ ਦੇ ਸਿਰ ਬੰਨ੍ਹਦਿਆਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਸ਼ੰਮ੍ਹੀ ਰੰਧਾਵਾ ਭਗਤੂਆਣਾ, ਸਾਬਕਾ ਕੌਂਸਲਰ ਵਿਕਾਸ ਸਿੰਗਲਾ ਘੰਟੀ ਡੋਡ, ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕੈਰੋਂ, ਨਹਿਰੂ ਸਿੰਘ ਬਰਾੜ ਰੋੜੀਕਪੂਰਾ, ਕੁਲਰਾਜ ਸਿੰਘ ਭਾਊ ਕਾਸਮ ਭੱਟੀ, ਪਰਵੀਨ ਸਿੰਗਲਾ ਪੀਨਾ, ਸੰਜੀਵ ਸਿੰਗਲਾ ਬਬਲਾ ਦੁਲਾਰੀਆ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ, ਜਿਨ੍ਹਾਂ ਵੱਲੋਂ ਜੇਤੂ ਉਮੀਦਵਾਰ ਬਾਗੀ ਸ਼ਰਮਾ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਗਈ।