ਕੈਂਸਰ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ
Publish Date: Sat, 16 May 2026 03:26 PM (IST)
Updated Date: Sun, 17 May 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਅਤੇ ਲੋਕਾਂ ਵਿਚ ਜਾਗਰੂਕਤਾ ਬਹੁਤ ਜ਼ਰੂਰੀ ਹੈ। ਜੇਕਰ ਕੈਂਸਰ ਦੀ ਪਛਾਣ ਸ਼ੁਰੂਆਤ ਪੜਾਅ ਵਿਚ ਹੋ ਜਾਵੇ ਤਾਂ ਆਧੁਨਿਕ ਇਲਾਜ ਰਾਹੀਂ ਇਸ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਕੈਂਸਰ ਦੇ ਵਿਸ਼ੇਸ਼ ਡਾ. ਮਿਧਿਲਾ ਬੇਬੀ ਨੇ ਰੇਲਵੇ ਰੋਡ ਸਥਿਤ ਸ਼ਾਮ ਨਰਸਿੰਗ ਹੋਮ ਵਿਚ ਕਰਵਾਏ ਗਏ ਕੈਂਸਰ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਇਸ ਮੌਕੇ ਡਾ. ਮਿਧਿਲਾ ਬੇਬੀ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਬਦਲਦੀ ਜੀਵਨ ਸ਼ੈਲੀ, ਗਲਤ ਖਾਣ-ਪੀਣ ਅਤੇ ਤਣਾਅ ਕਾਰਨ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਪਰ ਜੇ ਲੋਕ ਆਪਣੇ ਸਰੀਰ ਵਿੱਚ ਆਉਣ ਵਾਲੇ ਸ਼ੁਰੂਆਤ ਬਦਲਾਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਉਣ ਤਾਂ ਇਸ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕਦਾ ਹੈ। ਇਸ ਮੌਕੇ ਡਾ. ਮਿਧਿਲਾ ਬੇਬੀ ਨੇ ਦੱਸਿਆ ਕਿ ਉਹ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ੁੱਕਰਵਾਰ ਮੋਗਾ ਆ ਕੇ ਮਰੀਜ਼ਾਂ ਨੂੰ ਸਲਾਹ ਅਤੇ ਇਲਾਜ ਸਬੰਧੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਯੁਸ਼ਮਾਨ ਭਾਰਤ ਯੋਜਨਾ ਅਤੇ ਵੱਖ-ਵੱਖ ਸਿਹਤ ਬੀਮਾ ਯੋਜਨਾਵਾਂ ਤਹਿਤ ਕੈਂਸਰ ਦੇ ਇਲਾਜ ਦੀਆਂ ਸੁਵਿਧਾਵਾਂ ਉਪਲਬਧ ਹਨ, ਜਿਸ ਨਾਲ ਮਰੀਜ਼ਾਂ ਨੂੰ ਵੱਡੀ ਆਰਥਿਕ ਰਾਹਤ ਮਿਲ ਰਹੀ ਹੈ। ਸੈਮੀਨਾਰ ਵਿਚ ਸੋਸ਼ਲ ਵੈੱਲਫੇਅਰ ਕਲੱਬ, ਸਮਾਜ ਸੇਵਾ ਸੁਸਾਇਟੀ, ਬਲੱਡ ਡੋਨਰ ਕਲੱਬ, ਅਗਰਵਾਲ ਮਹਿਲਾ ਸਭਾ, ਲਾਇੰਸ ਕਲੱਬ, ਭਾਰਤੀ ਵਾਲਮੀਕਿ ਧਰਮ ਸਮਾਜ, ਸਵੇਰਾ ਕਲੱਬ, ਸ਼ੂਗਰ ਚੇਤਨਾ ਸੁਸਾਇਟੀ, ਯੂਨੀਵਰਸਲ ਹਿਊਮਨ ਰਾਈਟਸ ਅਤੇ ਹੈਲਪ ਇੰਡੀਆ ਸਮੇਤ ਕਈ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਨ੍ਹਾਂ ਵਿਚ ਵੀਪੀ ਸੇਠੀ, ਨਰੇਸ਼ ਬੋਬਾਟ, ਅਲਕਾ ਗੋਇਲ, ਗੁਰਨਾਮ ਸਿੰਘ, ਅਜੈ ਸਿੰਗਲਾ, ਝਿਲਮਿਲ ਦਾਸ, ਅਮਰਜੀਤ ਜੱਸਲ, ਕੇਵਲ ਬੰਸਲ, ਅੰਮ੍ਰਿਤਪਾਲ ਸਿੰਘ ਅਤੇ ਸੁਨੀਲ ਸ਼ਰਮਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਸੇਵਾ ਸੰਸਥਾਵਾਂ ਨਾਲ ਜੁੜੇ ਸਮਾਜ ਸੇਵੀ ਨੇ ਵੱਡੀ ਗਿਣਤੀ ‘ਚ ਹਾਜ਼ਰ ਸਨ।