ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਇਲਾਕੇ ਵਿੱਚ ਇੱਕ ਕਬਾੜੀਏ ਨੂੰ ਅਗਵਾ ਕਰਨ ਅਤੇ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਲਜ਼ਾਮ ਹੈ ਕਿ ਤਿੰਨ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਨੌਜਵਾਨ ਨੂੰ ਅਗਵਾ ਕੀਤਾ ਅਤੇ ਉਸ ਦੇ ਪਰਿਵਾਰ ਕੋਲੋਂ ਦੋ ਲੱਖ ਰੁਪਏ ਦੀ ਫ਼ਿਰੌਤੀ ਮੰਗੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨੋਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਦੋਂ ਸੁਮਿਤ ਦੱਸੀ ਗਈ ਜਗ੍ਹਾ 'ਤੇ ਪਹੁੰਚਿਆ ਤਾਂ ਉੱਥੇ ਇੱਕ ਕਾਰ ਖੜ੍ਹੀ ਸੀ। ਕਾਰ ਵਿੱਚ ਬੈਠੇ ਤਿੰਨ ਨੌਜਵਾਨਾਂ ਨੇ ਗੱਲਬਾਤ ਦੇ ਬਹਾਨੇ ਉਸਨੂੰ ਪਿਛਲੀ ਸੀਟ 'ਤੇ ਬਿਠਾ ਲਿਆ ਅਤੇ ਅਚਾਨਕ ਕਾਰ ਭਜਾ ਕੇ ਲੈ ਗਏ। ਇਲਜ਼ਾਮ ਹੈ ਕਿ ਕਾਰ ਵਿੱਚ ਬੈਠੇ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਸੁਮਿਤ ਦੀ ਕੰਨਪਟੀ 'ਤੇ ਲਗਾ ਦਿੱਤੀ ਅਤੇ ਉਸ ਦੇ ਪਰਿਵਾਰ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ।
ਡਰ ਦੇ ਮਾਰੇ ਸੁਮਿਤ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਫ਼ੋਨ ਖੋਹ ਕੇ ਪਿਤਾ ਨੂੰ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਬੇਟੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਪੁਲਿਸ ਨੂੰ ਸੂਚਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਗਈ। ਮੁਲਜ਼ਮਾਂ ਨੇ ਸੁਮਿਤ ਦੀ ਗੋਦ ਵਿੱਚ ਪਿਸਤੌਲ ਰੱਖ ਕੇ ਉਸਦੀ ਵੀਡੀਓ ਬਣਾਈ ਅਤੇ ਪਿਤਾ ਦੇ ਮੋਬਾਈਲ 'ਤੇ ਭੇਜ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਮੁਲਜ਼ਮ ਸੁਮਿਤ ਨੂੰ ਰੇਲਵੇ ਫਾਟਕ ਵੱਲ ਲੈ ਗਏ। ਇਸੇ ਦੌਰਾਨ ਕਿਸੇ ਵਾਹਨ ਦੇ ਹੂਟਰ ਦੀ ਆਵਾਜ਼ ਸੁਣ ਕੇ ਘਬਰਾਏ ਮੁਲਜ਼ਮਾਂ ਨੇ ਸੁਮਿਤ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਪੀੜਤ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਕਾਲ ਕਰਕੇ ਫ਼ਿਰੌਤੀ ਦੀ ਮੰਗ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਅਗਵਾ, ਫ਼ਿਰੌਤੀ, ਅਪਰਾਧਿਕ ਧਮਕੀ ਅਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।