ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ : ਖੁੱਡੀਆਂ
ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਰੱਖੇ ਨੀਂਹ ਪੱਥਰ
Publish Date: Fri, 22 May 2026 05:20 PM (IST)
Updated Date: Fri, 22 May 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪੰਜਾਬ ਸਰਕਾਰ ਰਾਜ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕੀ ਨੈਟਵਰਕ ਦੇਣ ਲਈ ਬਚਨਬੱਧ ਹੈ, ਇਹ ਪ੍ਰਗਟਾਵਾ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਲੰਬੀ ਹਲਕੇ ਨੂੰ ਜੋੜਣ ਵਾਲੀਆਂ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਪੱਕਾ ਕਰਨ ਦੇ ਨੀਂਹ ਪੱਥਰ ਰੱਖਦਿਆਂ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ, ਕਿਲਿਆਂਵਾਲੀ, ਵੜਿੰਗ ਖੇੜਾ, ਵਣਵਾਲਾ, ਪੰਜਾਵਾ ਅਤੇ ਰੋੜਾਂਵਾਲੀ ਨੂੰ ਜੋੜਣ ਵਾਲੀਆਂ 41 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨੂੰ ਰਿਪੇਅਰ ਅਤੇ ਨਵ ਨਿਰਮਾਣ ਤੇ 16.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੱਸਿਆ ਕਿ ਇਹ ਵਿਕਾਸ ਕਾਰਜ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਵਾਜਾਈ ਸੁਵਿਧਾਵਾਂ ’ਚ ਸੁਧਾਰ ਲਿਆਉਣ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਰਸਤਾ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗਰੀਬਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਬਨਾਉਣ ਲਈ 18 ਹਜ਼ਾਰਾ ਗਰੀਬ ਲੋਕਾਂ ਦਾ ਸਰਵੇ ਹੋ ਚੁੱਕਿਆ ਹੈ ਤੇ ਜਲਦੀ ਲੋੜਵੰਦਾਂ ਨੂੰ ਪਹਿਲ ਦੇ ਅਧਾਰ ਤੇ ਰਾਸ਼ੀ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਅਤੇ ਮਿਆਰੀ ਗੁਣਵੱਤਾ ਅਨੁਸਾਰ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਸਰਕਾਰ ਵੱਲ ਚਲਾਈਆ ਜਾ ਰਹੀਆਂ ਵੱਖ-ਵੱਖ ਸਰਕਾਰੀ ਸਬੰਧੀ ਵੀ ਲੋਕਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਗਨੂੰ ਬਰਾੜ, ਗੁਰਬਾਜ ਸਿੰਘ ਵਨਵਾਲਾ, ਵੀਨਸ਼ ਗਰਗ ਐਕਸੀਅਨ ਮੰਡੀ ਬੋਰਡ, ਰਕੇਸ਼ ਬਿਸਨੋਈ ਬੀਡੀਪੀਓ ਲੰਬੀ, ਸ਼ਿਵਰਾਜ ਸਿੰਘ ਬਲਾਕ ਪ੍ਰਧਾਨ, ਕਰਮਵੀਰ ਸਿੰਘ ਬਲਾਕ ਪ੍ਰਧਾਨ, ਪਰਮਪਾਲ ਸਿੰਘ ਸਰਪੰਚ ਭਾਗੂ, ਸੁਖਵਿੰਦਰ ਸਿੰਘ ਸੋਨੀ ਕਿਲਿਆਵਾਲੀ,ਰਛਪਾਲ ਸਿੰਘ ਚੇਅਰਮੈਨ, ਸੇਵਕ ਸਿੰਘ ਸਾਬਕਾ ਸਰਪੰਚ ਸਿੰਘੇਵਾਲਾ, ਗੁਰਮੀਤ ਸਿੰਘ ਚਹਿਲ, ਉਦੈ ਬਰਾੜ, ਬਲਰਾਜ ਸਿੰਘ, ਸ਼ਿਵਰਾਜ ਸਿੰਘ, ਬਲਰਾਜ ਸਿੰਘ ਕੁਲਾਰ, ਪਰਮਿੰਦਰ ਸਿੰਘ ਕੁਲਾਰ, ਜਗਦੇਵ ਸਿੰਘ ਸਰਪੰਚ ਵੜਿੰਗ ਖੇੜਾ, ਗੁਰਲਾਲ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਹਿਮਾਂਸ਼ੂ, ਗੁਰਬਾਜ ਸਿੰਘ ਨਿੱਜੀ ਸਹਾਇਕ ਵੀ ਮੌਜੂਦ ਸਨ।