ਸ੍ਰੀ ਰਾਮ ਭਵਨ ’ਚ ਪੰਜ ਰੋਜ਼ਾ ਸਤਿਸੰਗ ਪ੍ਰੋਗਰਾਮ ’ਚ ਉਮੜੇ ਸ਼ਰਧਾਲੂ
ਸ੍ਰੀ ਸੁੰਦਰ ਕਾਂਡ ਦਾ ਪਾਠ ਕਰਨ ਨਾਲ ਸਾਰੇ ਕਾਰਜ ਸੁੰਦਰ ਢੰਗ ਨਾਲ ਹੁੰਦੇ ਹਨ ਪੂਰੇ : ਸੁਆਮੀ ਕਮਲਾਨੰਦ ਗਿਰੀ
Publish Date: Sat, 02 May 2026 04:36 PM (IST)
Updated Date: Sat, 02 May 2026 04:38 PM (IST)

ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਨੇ ਕਿਹਾ ਕਿ ਜੀਵਨ ਦੇ ਸਾਰੇ ਕਾਂਡਾਂ ਨੂੰ ਸੰਵਾਰਨ-ਸੁਧਾਰਨ ਵਾਲਾ ਅਤੇ ਜੀਵਨ ਚਰਿੱਤਰ ਨੂੰ ਨਿਖਾਰਨ ਵਾਲਾ ਇਹ ਜੋ ਕਾਂਡ ਹੈ, ਇਸਦਾ ਨਾਮ ਸ੍ਰੀ ਸੁੰਦਰ ਕਾਂਡ ਹੈ। ਇਸ ਕਾਂਡ ਦਾ ਨਾਮ ਸੁੰਦਰ ਕਾਂਡ ਕਿਉਂ ਰੱਖਿਆ ਗਿਆ ਹੈ? ਗੋਸਵਾਮੀ ਤੁਲਸੀਦਾਸ ਜੀ ਇਸ ਦਾ ਨਾਮ ਹਨੂੰਮਤ ਕਾਂਡ ਜਾਂ ਕੋਈ ਹੋਰ ਕਾਂਡ ਵੀ ਰੱਖ ਸਕਦੇ ਸਨ। ਇਸ ਕਾਂਡ ਦਾ ਪਾਠ ਕਰਨ ਤੋਂ ਬਾਅਦ ਸਾਰੇ ਕਾਰਜ ਸਫਲ ਹੋ ਜਾਂਦੇ ਹਨ ਅਤੇ ਸੁੰਦਰ ਤਰੀਕੇ ਨਾਲ ਪੂਰੇ ਹੁੰਦੇ ਹਨ। ਇਸੇ ਕਰਕੇ ਇਸ ਦਾ ਨਾਮ ਸ੍ਰੀ ਸੁੰਦਰ ਕਾਂਡ ਰੱਖਿਆ ਗਿਆ ਹੈ। ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਨੇ ਇਹ ਵਿਚਾਰ ਸ੍ਰੀ ਰਾਮ ਭਵਨ ’ਚ ਆਯੋਜਿਤ ਪੰਜ ਰੋਜ਼ਾ ਸ੍ਰੀ ਸੁੰਦਰ ਕਾਂਡ ਅਤੇ ਪ੍ਰਵਚਨ ਪ੍ਰੋਗਰਾਮ ਤਹਿਤ ਸ਼ਨੀਵਾਰ ਨੂੰ ਸ਼ਰਧਾਲੂਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ। ਤੀਜੇ ਦਿਨ ਸ੍ਰੀ ਸੁੰਦਰ ਕਾਂਡ ਪਾਠਾਂ ਦੇ ਯਜਮਾਨ ਮੇਘਰਾਜ ਗਰਗ-ਉਰਮਿਲਾ ਗਰਗ, ਸਮੂਹ ਗਰਗ ਪਰਿਵਾਰ ਅਤੇ ਪੱਪੂ ਯਾਦਵ-ਰਜਨੀ ਯਾਦਵ ਅਤੇ ਸਮੂਹ ਯਾਦਵ ਪਰਿਵਾਰ ਸਨ। ਮੰਦਰ ਦਾ ਵਿਹੜਾ ਭਗਵਾਨ ਸ੍ਰੀ ਰਾਮ ਚੰਦਰ ਅਤੇ ਵੀਰ ਹਨੂੰਮਾਨ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਹਾਰਾਜ ਨੇ ਵੀਰ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਹਨੁਮੰਤ ਲਾਲ ਜੀ ਅਤੁਲਿਤ ਬਲਧਾਮਮ ਹਨ। ਹਨੂੰਮਾਨ ਜੀ ਖੁਦ ਬਹੁਤ ਸੁੰਦਰ ਹਨ। ਇਸ ਲਈ ਵੀ ਇਸ ਕਾਂਡ ਨੂੰ ਸ੍ਰੀ ਸੁੰਦਰ ਕਾਂਡ ਕਿਹਾ ਗਿਆ ਹੈ। ਮਹਾਰਾਜ ਜੀ ਨੇ ਬੰਸੀ ਵਾਲੇ ਮੋਹਨ, ਮੁਰਲੀ ਵਾਲੇ ਮੋਹਨ, ਤੇਰੀ ਲਾਗੀ ਲਗਨ... ਅਤੇ ਗੋਵਿੰਦ ਚਲੇ ਆਓ, ਗੋਪਾਲ ਚਲੇ ਆਓ... ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਮੰਤਰਮੁੱਗਧ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ, ਜਿਨ੍ਹਾਂ ਨੇ ਸਤਿਗੁਰੂ ਦੇਵ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕੀਤਾ। ਪ੍ਰੋਗਰਾਮ ਦੇ ਸਮਾਪਤੀ ਮੌਕੇ ਸਾਰਿਆਂ ਨੂੰ ਵੱਖ-ਵੱਖ ਤਰ੍ਹਾਂ ਦਾ ਪ੍ਰਸ਼ਾਦ ਵੰਡਿਆ ਗਿਆ।