ਬਿਜਨਸ ਬਲਾਸਟਰ ਸਕੀਮ ਤਹਿਤ ਲੱਗਾ ਬਿਜਨਸ ਮੇਲਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਅੰਜਨਾ ਕੌਂਸ਼ਲ ਦੀ ਯੋਗ ਸਰਪ੍ਰਸਤੀ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫਸਰ ਜਸਬੀਰ ਸਿੰਘ ਜੱਸੀ, ਬਲਾਕ ਨੋਡਲ ਅਫ਼ਸਰ ਲੈਕਚਰਾਰ ਕੰਵਲਜੀਤ ਸਿੰਘ ਜੈਤੋ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਟੇਟ ਐਵਾਰਡੀ ਮੁੱਖੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਦੱਸਿਆ ਕਿ ਬਿਜ਼ਨਸ ਬਲਾਸਟਰ ਤਹਿਤ ਰਜਿਸਟਡ ਹੋਏ ਵਿਦਿਆਰਥੀਆਂ ਨੇ ਪ੍ਰਾਪਤ ਹੋਈ ਸੀਡ ਮਨੀ ਸਬੰਧੀ ਵੱਖ-ਵੱਖ ਤਰਾਂ ਦੇ ਬਿਜ਼ਨਸ ਆਈਡੀਆ ਆਪਣੇ ਇੰਚਾਰਜ ਸੁਖਵਿੰਦਰ ਕੌਰ ਨਾਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਬਿਜ਼ਨਸ ਬਲਾਸਟਰ ਮੇਲੇ ਅੰਦਰ ਵੱਖ-ਵੱਖ ਤਰ੍ਹਾਂ ਦੇ ਕੁੱਲ ਛੇ ਸਟਾਲ ਲਗਾਏ ਗਏ। ਜਿਸ ਨੂੰ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਵਾਸਤੇ ਸੌਰਭ ਕੁਮਾਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪਹਿਲੀ ਸਟਾਲ ਦੀ ਅਗਵਾਈ ਅਰਸ਼ਦੀਪ ਨੇ ਨਿਭਾਈ ਜਿਸ ਨੇ ਆਪਣੀ ਟੀਮ ਨਾਲ ਸੈਂਡਵਿਚ ਬਣਾਏ। ਇਸ ਟੀਮ ਨੇ ਹਾਈਜੀਨ ਢੰਗ ਨਾਲ ਸੈਂਡਵਿੱਚ ਤਿਆਰ ਕਰਕੇ 30 ਰੁਪਏ ਪਰ ਪੀਸ ਦੇ ਹਿਸਾਬ ਨਾਲ ਵੇਚੇ। ਇਸ ਮੌਕੇ ਦੂਜੀਆਂ ਸਟਾਲਾਂ ’ਚ ਮਨਜੋਤ ਤੇ ਰਾਜਬੀਰ ਕੌਰ ਨੇ ਵੇਸਟ ਚੀਜ਼ਾਂ ਨੂੰ ਵਰਤੋਂ ਅੰਦਰ ਲਿਆ ਕੇ ਡੈਕੋਰੇਸ਼ਨ ਵਾਲੀਆਂ ਵਸਤਾਂ ਤਿਆਰ ਕੀਤੀਆਂ, ਜੋ ਹਾਜ਼ਰ ਮਹਿਮਾਨ ਤੇ ਸਟਾਫ਼ ਵੱਲੋਂ ਪਸੰਦ ਕਰ ਕੇ ਖਰੀਦੀਆਂ ਗਈਆਂ। ਅਮਨਦੀਪ ਕੌਰ ਨੇ ਆਨਲਾਇਨ ਬਿਜ਼ਨਸ ਸਟਾਲ ਲਗਾਈ ਜਿਸ ਨੇ ਆਨ ਲਾਇਨ ਬਜ਼ਾਰ ’ਚੋ ਸਸਤੇ ਭਾਅ ਮੁਨਿਆਰੀ ਦਾ ਸਮਾਨ ਖਰੀਦ ਕੀਤਾ ਜਿਸ ’ਚੋਂ ਉਸ ਨੇ ਚੰਗੀ ਕਮਾਈ ਕਰਨ ਦਾ ਢੰਗ ਦੱਸਿਆ। ਉਸ ਨੇ ਹੇਅਰ ਬੈਂਡ, ਰਬੜ ਬੈਂਡ, ਛੱਲੇ, ਨੇਲ ਪਾਲਿਸ਼, ਕਲੱਚਰ ਆਦਿ ਸਮਾਨ ਵੇਚ ਕੇ ਦੁੱਗਣੀ ਕਮਾਈ ਕੀਤੀ। ਜਦ ਕਿ ਉਸ ਨੂੰ ਹੱਥੀਂ ਮਿਹਨਤ ਘੱਟ ਕਰਨੀ ਪਈ। ਹੁਸਨਦੀੌਪ ਨੇ ਆਪਣੇ ਪੇਟਿੰਗਜ਼ ਬਣਾ ਕੇ ਤੇ ਬਜ਼ਾਰ ’ਚੋਂ ਫਰੇਮ ਕਰਵਾ ਕੇ ਆਪਣੀ ਇੱਕ ਇੱਕ ਕਲਾਕਿ੍ਰਤੀ 150 ਰੁਪਏ ਦੇ ਹਿਸਾਬ ਨਾਲ ਵੇਚੀ। ਪ੍ਰਭਜੀਤ ਤੇ ਜਸਪਾਲ ਸਿੰਘ ਨੇ ਮਿੱਟੀ ਦੀਆਂ ਵੱਖ-ਵੱਖ ਵਸਤਾਂ ਜਿਵੇ ਦੀਵੇ, ਖਿਡੌਣੇ, ਜਾਗੋ ਵਾਲੇ ਘੜੇ ਦੀ ਡੈਕੋਰੇਸ਼ਨ ਕਰਕੇ ਆਪਣੀਆਂ ਚੀਜ਼ਾਂ ਨਾਲ ਸਭ ਦਾ ਧਿਆਨ ਅਕਰਸ਼ਿਤ ਕੀਤਾ। ਹਰ ਸਟਾਲ ਦੀ ਟੀਮ ਨੇ ਆਪਣੇ ਖਰਚੇ ਸੀਡ ਮਨੀ ਨਾਲੋਂ ਵੱਧ ਕਮਾਈ ਕੀਤੀ। ਮੁੱਖ ਮਹਿਮਾਨ ਵਜੋਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਬੀਬੀ ਪਰਮਜੀਤ ਕੌਰ ਨੇ ਹਰ ਸਟਾਲ ਤੋਂ ਕੁਝ ਨਾ ਕੁਝ ਖਰੀਦ ਕੇ ਬਿਜ਼ਨਸ ਬਲਾਸਟਰ ਦੀਆਂ ਸਾਰੀਆਂ ਟੀਮਾਂ ਦਾ ਹੌਂਸਲਾ ਵਧਾਇਆ । ਸਕੂਲ ਸਟਾਫ਼ ਮੈੰਬਰਜ਼ ’ਚੋ ਗੁਰਪ੍ਰੀਤ ਕੌਰ, ਲਖਵਿੰਦਰ ਕੌਰ, ਜਤਿੰਦਰ ਕੌਰ, ਦਰਸ਼ਨ ਵਰਮਾ, ਗੁਰਦੀਪ ਸਿੰਘ, ਤਰਸੇਮ ਸਿੰਘ, ਕੈਂਪਸ ਮੈਨੇਜਰ ਗੁਰਮੀਤ ਸਿੰਘ ਤੇ ਜਸਮੇਲ ਸਿੰਘ ਨੇ ਵੀ ਅਰਸ਼ਦੀਪ ਦੀ ਸਟਾਲ ਤੋਂ ਲਜ਼ੀਜ਼ ਸੈਂਡਵਿਚ ਖਾ ਕੇ ਆਨੰਦ ਲਿਆ। ਇਸ ਟੀਮ ਨੇ ਸਭ ਤੋਂ ਵੱਧ ਕਮਾਈ ਵੀ ਕੀਤੀ। ਮੁੱਖ ਮਹਿਮਾਨ ਤੇ ਪਿੰਡ ਦੇ ਮਹਿਮਾਨ ਔਰਤਾਂ ਬੱਚਿਆਂ ਦੇ ਇਸ ਉੱਦਮ ਦੀ ਖੂਬ ਪ੍ਰਸ਼ੰਸ਼ਾ ਕੀਤੀ। ਬਿਜ਼ਨਸ ਬਲਾਸਟਰ ਦੇ ਇਸ ਮੇਲੇ ‘ਚੋ ਅਰਸ਼ਦੀਪ ਕੌਰ ਦੀ ਟੀਮ ਅਗਲੇ ਪੜਾਅ ਵਾਸਤੇ ਚੁਣੀ ਗਈ। ਸਕੂਲ ਮੁਖੀ ਨੇ ਕਿਹਾ ਵਿਦਿਆਰਥੀਆਂ ਨੂੰ ਆਪਣੇ ਪੈਰ੍ਹਾਂ ਤੇ ਖੜ੍ਹੇ ਕਰਨ ਵਾਸਤੇ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਵਿਦਿਆਰਥੀ ਸਮੁੱਚੇ ਬਜ਼ਾਰ ਦੀ ਪ੍ਰਕਿ੍ਰਆ ਨੂੰ ਬਾਖੂਬੀ ਸਮਝਦੇ ਹਨ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ’ਚ ਭਾਰੀ ਵਾਧਾ ਹੁੰਦਾ ਹੈ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਅੰਜਨਾ ਕੌਂਸਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੇ ਮੁਖੀ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਬਿਜਨਸ ਮੇਲਾ ਸਫ਼ਲਤਾ ਨਾਲ ਲਗਾਉਣ ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਜ਼ਿਲੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ 29 ਅਤੇ 30 ਅਪ੍ਰੈੱਲ ਨੂੰ ਆਪਣੀ ਸੁਵਿਧਾ ਅਨੁਸਾਰ ਬਿਜਨਸ ਮੇਲਾ ਲਗਾਉਣ ਦੀ ਅਪੀਲ ਕੀਤੀ।